ਹਿੱਕ ਅਰਜ਼ ਗ਼ਰੀਬਣੀ ਨਾਰ ਦੀ ਵੇ ਅੜਿਆ।
ਕੰਧੀ 'ਤੇ ਸੋਹਣਿਆਂ ਦੱਸਦਾ ਜਾਵੀਂ
ਗੱਲ ਸ਼ਹੁ ਦਰਿਆਵਾਂ ਦੇ ਪਾਰ ਦੀ ਵੇ ਅੜਿਆ।
ਸੂਰਜ ਦੇ ਵਾਂਗੂੰ ਲੱਸਨਾ ਏਂ ਸਾਂਵਰ
ਮਜ਼ਾਰਾਂ ਦੀ ਧੂੜ 'ਚ ਵੱਸਨਾ ਏਂ ਸਾਂਵਰ
ਦੀਵੇ ਨੂੰ ਰਾਜ਼ ਕੋਈ ਦੱਸਨਾ ਏਂ ਸਾਂਵਰ,
ਬਹੁੜੀ ਗੱਲ ਇਹ ਅੱਧ-ਵਿਚਕਾਰ ਦੀ ਵੇ ਅੜਿਆ।
ਕੰਧੀ 'ਤੇ ਸੋਹਣਿਆਂ ਦੱਸਦਾ ਜਾਵੀਂ
ਗੱਲ ਸ਼ਹੁ ਦਰਿਆਵਾਂ ਦੇ ਪਾਰ ਦੀ ਵੇ ਅੜਿਆ।
ਹਿੱਕ ਅਰਜ਼ ਗ਼ਰੀਬਣੀ ਨਾਰ ਦੀ ਵੇ ਅੜਿਆ
ਹੇ ਗੱਲ ਨ ਦੇਸ ਕੰਧਾਰ ਦੀ ਵੇ ਅੜਿਆ
ਅਸਾਂ ਸਾਂਭੀ ਰਜ਼ਾ ਇਕ ਯਾਰ ਦੀ ਵੇ ਅੜਿਆ
ਗੱਲ ਬੇਪਰਵਾਹ ਅਸਵਾਰ ਦੀ ਵੇ ਅੜਿਆ-
ਕੰਧੀ 'ਤੇ ਸੋਹਣਿਆਂ ਦੱਸਦਾ ਜਾਵੀਂ
ਗੱਲ ਸ਼ਹੁ ਦਰਿਆਵਾਂ ਦੇ ਪਾਰ ਦੀ ਵੇ ਅੜਿਆ।
ਸਜਦੇ ਦੇ ਹੇਠ ਸੌਂ ਰਸਨਾ ਏਂ ਸਾਂਵਰ
ਮਿੱਟੀ ਦੇ ਜੋਬਨ 'ਚ ਫੱਸਨਾ ਏਂ ਸਾਂਵਰ
ਰੁੱਖਾਂ ਨੂੰ ਹਰਫ਼ ਕੋਈ ਦੱਸਨਾ ਏਂ ਸਾਂਵਰ,
ਤੈਨੂੰ ਬਖ਼ਸ਼ ਸੱਚੀ ਸਰਕਾਰ ਦੀ ਵੇ ਅੜਿਆ-
ਕੰਧੀ 'ਤੇ ਸੋਹਣਿਆਂ ਦੱਸਦਾ ਜਾਵੀਂ
ਗੱਲ ਸ਼ਹੁ ਦਰਿਆਵਾਂ ਦੇ ਪਾਰ ਦੀ ਵੇ ਅੜਿਆ।
ਹੇ ਗੱਲ ਨਨਕਾਣੇ ਦੀ ਬਾਰ ਦੀ ਵੇ ਅੜਿਆ
ਮੇਰਾ ਸ਼ੌਕ ਨਜ਼ਰ ਸ਼ਿੰਗਾਰਦੀ ਵੇ ਅੜਿਆ
ਮੈਨੂੰ ਪੱਜ ਪਾ ਪਾ ਖਲਿਹਾਰਦੀ ਵੇ ਅੜਿਆ
ਸਿਰ 'ਤੇ ਲਸ਼ਕਰ ਬਾਜ਼ਾਂ ਦੇ ਉਲਾਰਦੀ ਵੇ ਅੜਿਆ-
ਕੰਧੀ 'ਤੇ ਸੋਹਣਿਆਂ ਦੱਸਦਾ ਜਾਵੀਂ
ਗੱਲ ਸ਼ਹੁ ਦਰਿਆਵਾਂ ਦੇ ਪਾਰ ਦੀ ਵੇ ਅੜਿਆ।
ਡੁਬਦੇ ਸੂਰਜ ਨੂੰ ਤੱਕਨਾ ਏਂ ਸਾਂਵਰ
ਸ਼ੀਹਾਂ ਨੂੰ ਅੱਖੀਂ 'ਚ ਡੱਕਨਾ ਏਂ ਸਾਂਵਰ
ਭੇਦ ਦਰਿਆਵਾਂ ਦਾ ਰੱਖਨਾ ਏਂ ਸਾਂਵਰ
ਖ਼ੂਨੀ ਧੂੜਾਂ ਤੇਗ ਉਤਾਰਦੀ ਵੇ ਅੜਿਆ-
ਕੰਧੀ 'ਤੇ ਸੋਹਣਿਆਂ ਦੱਸਦਾ ਜਾਵੀਂ
ਗੱਲ ਸ਼ਹੁ ਦਰਿਆਵਾਂ ਦੇ ਪਾਰ ਦੀ ਵੇ ਅੜਿਆ।
ਨਿੱਕੀ ਜਹੀ ਗੱਲ ਦਿਲਦਾਰ ਦੀ ਵੇ ਅੜਿਆ
ਵੱਡੇ ਸਿੰਧਾਂ ਜਿਹੇ ਖੰਭ ਖਿਲਾਰਦੀ ਵੇ ਅੜਿਆ
ਮੈਂਡੇ ਕਾਲੜੇ ਕੇਸ ਲਲਕਾਰਦੀ ਵੇ ਅੜਿਆ,
ਨਦਰ ਦੇ ਕਟਕ ਸੁੱਟ ਸਾਨੂੰ ਮਾਰਦੀ ਵੇ ਅੜਿਆ-
ਕੰਧੀ ਤੇ ਸੋਹਣਿਆਂ ਦੱਸਦਾ ਜਾਵੀਂ
ਗੱਲ ਸ਼ਹੁ ਦਰਿਆਵਾਂ ਦੇ ਪਾਰ ਦੀ ਵੇ ਅੜਿਆ।
ਦੀਨ ਦੇ ਲਸ਼ਕਰ 'ਤੇ ਹੱਸਨਾ ਏਂ ਸਾਂਵਰ
ਸ਼ਰ੍ਹਾ ਦੇ ਮਕਸਦ 'ਤੇ ਨੱਚਣਾ ਏਂ ਸਾਂਵਰ
ਹੱਥ ਰੱਬ ਦੇ ਦਾਮਨ ਰੱਖਣਾ ਏਂ ਸਾਂਵਰ
ਤੈਨੂੰ ਕਸਮ ਈਮਾਨ ਦੋ ਵਾਰ ਦੀ ਵੇ ਅੜਿਆ-
ਕੰਧੀਂ ਤੇ ਸੋਹਣਿਆਂ ਦੱਸਦਾ ਜਾਵੀਂ
ਗੱਲ ਸ਼ਹੁ ਦਰਿਆਵਾਂ ਦੇ ਪਾਰ ਦੀ ਵੇ ਅੜਿਆ।
ਅੱਗ ਲੱਗੀ ਹੁਕਮ ਅਪਾਰ ਦੀ ਵੇ ਅੜਿਆ
ਫਿਰੇ ਪੀਰ ਅਜ਼ਲ ਦੇ ਚਾਰਦੀ ਵੇ ਅੜਿਆ
ਕਟਕ ਸੋਹਣੇ ਤਬੀਬ 'ਤੇ ਚਾੜ੍ਹਦੀ ਵੇ ਅੜਿਆ
ਫਿਰੇ ਜ਼ਖ਼ਮ ਸ਼ੁਦਾ ਦੇ ਪਾੜਦੀ ਵੇ ਅੜਿਆ;
ਕੰਧੀ ਤੇ ਸੋਹਣਿਆਂ ਦੱਸਦਾ ਜਾਵੀਂ
ਗੱਲ ਸ਼ਹੁ ਦਰਿਆਵਾਂ ਦੇ ਪਾਰ ਦੀ ਵੇ ਅੜਿਆ।
ਜੋ ਰੁੱਸਿਆ ਏ ਸੋ ਮੁੜਣਾ ਏਂ ਸਾਂਵਰ
ਆ ਨੂਰੀ ਸਾਹ ਵਿਚ ਜੁੜਣਾ ਏਂ ਸਾਂਵਰ
ਉੱਗ ਤੂਰ ਬੇਹੋਸ਼ੀ 'ਚ ਤੁਰਣਾ ਏਂ ਸਾਂਵਰ,
ਇਹ 'ਵਾਜ ਅਜ਼ਲ ਦੇ ਪਿਆਰ ਦੀ ਵੇ ਅੜਿਆ।
ਕੰਧੀ ਤੇ ਸੋਹਣਿਆਂ ਦੱਸਦਾ ਜਾਵੀਂ
ਗੱਲ ਸ਼ਹੁ ਦਰਿਆਵਾਂ ਦੇ ਪਾਰ ਦੀ ਵੇ ਅੜਿਆ।
ਰਗ ਕੂਕਦੀ ਤਪ ਕੇ ਉਜਾੜ ਦੀ ਵੇ ਅੜਿਆ
ਮਾਰੂ ਤਰਬ ਅਜ਼ਾਨ ਦੇ ਭਾਰ ਦੀ ਵੇ ਅੜਿਆ
ਜ਼ਖ਼ਮ 'ਤੇ ਲਟਕੀ, ਫੇਰ ਚਮਕਾਰਦੀ ਵੇ ਅੜਿਆ,
ਇਹ ਧਮਕ ਅਲਾਹ ਦੇ ਯਾਰ ਦੀ ਵੇ ਅੜਿਆ !
ਕੰਧੀ ਤੇ ਸੋਹਣਿਆਂ ਦੱਸਦਾ ਜਾਵੀਂ
ਗੱਲ ਸ਼ਹੁ ਦਰਿਆਵਾਂ ਦੇ ਪਾਰ ਦੀ ਵੇ ਅੜਿਆ।
ਕਿਉਂ ਲੰਮੇ ਉਜਾੜਾਂ ਨੂੰ ਚੜ੍ਹਣਾ ਏਂ ਸਾਂਵਰ
ਚੀਸ ਜ਼ਖ਼ਮਾਂ ਦੀ ਕਿੱਥੇ ਕੁ ਫੜਣਾ ਏਂ ਸਾਂਵਰ
ਜਾ ਕੇ ਬੂਹੇ ਅੱਲਾਹ ਦੇ ਖੜ੍ਹਣਾ ਏਂ ਸਾਂਵਰ—
ਗੱਲ ਧੁੰਮੀ ਖ਼ੂਨੀ ਖ਼ਾਰ ਦੀ ਵੇ ਅੜਿਆ।
ਕੰਧੀ 'ਤੇ ਸੋਹਣਿਆਂ ਦੱਸਦਾ ਜਾਵੀਂ
ਗੱਲ ਸ਼ਹੁ ਦਰਿਆਵਾਂ ਦੇ ਪਾਰ ਦੀ ਵੇ ਅੜਿਆ।
ਅੱਗੇ ਨਜ਼ਰ ਹੈ ਬੇਮੁਹਾਰ ਦੀ ਵੇ ਅੜਿਆ
ਅੱਗੇ ਚੁੱਪ ਹੈ ਤੇਰੇ ਇਕਰਾਰ ਦੀ ਵੇ ਅੜਿਆ
ਅੱਗੇ ਹੂੰਗਰ ਕਿਸੇ ਬਜ਼ਾਰ ਦੀ ਵੇ ਅੜਿਆ
ਨੂਰੀ ਲਟਕ ਮੇਰੇ ਦਿਲਦਾਰ ਦੀ ਵੇ ਅੜਿਆ !
ਕੰਧੀ 'ਤੇ ਸੋਹਣਿਆਂ ਦੱਸਦਾ ਜਾਵੀਂ
ਗੱਲ ਸ਼ਹੁ ਦਰਿਆਵਾਂ ਦੇ ਪਾਰ ਦੀ ਵੇ ਅੜਿਆ।