ਅਰਬਦ ਨਰਬਦ ਧੁੰਦੂਕਾਰਾ ਦੀ
ਸਦੀਵੀ ਸੁੰਨ ਨੂੰ ਪਛਾੜਦਿਆਂ
ਲੱਖਾਂ ਸੂਰਜਾਂ, ਚੰਨਾਂ ਦੇ ਸਿਖ਼ਰ
ਉਜਾਲਿਆਂ ਦੇ ਹੁੰਦਿਆਂ
ਜਦ ਗੁਰੂ ਬਾਝੋਂ ਸੀ ਅੰਧਕਾਰ
ਮਿਟੀ ਸੀ ਧੁੰਦ,
ਪ੍ਰਗਟੀ ਸੀ
ਗੁਰੂ ਨਾਨਕ ਸੱਚੀ ਸਰਕਾਰ।
ਬੇਈਂ ਨਦੀ ਦੀਆਂ ਛੱਲਾਂ ਵਿੱਚ
ਅਲੋਪਿਆ ਕੋਈ
ਉਤਰਿਆ ਕੋਈ
ਲੈ ਕੇ 'ੴ'
ਨਿਰਭਉ
ਨਿਰਵੈਰ
ਕਰਤੇ ਦੀ
ਸਤਿਨਾਮੀ ਕਿਰਤ
ਗੁਰਪ੍ਰਸਾਦਿ ਦਾ
ਇਕ ਅਜੂਨੀ
ਸੈਭੰ ਤੋਹਫਾ
‘ਮੂਲ ਮੰਤਰ’
ਜਿਸ ਕੀਤਾ ਇਹ ਪਰਉਪਕਾਰ
ਉਹੋ ਨੇ
ਗੁਰੂ ਨਾਨਕ ਸੱਚੀ ਸਰਕਾਰ।
ਕਿਵੇਂ ਸਚਿਆਰੇ ਹੋਈਏ
ਕਿਵੇਂ ਟੁੱਟੇ
ਕੂੜ ਦੀ ਪਾਲ
ਹੁਕਮੀ ਦੇ ਹੁਕਮ ’ਚ
ਰਹਿੰਦਿਆਂ ਕਿਵੇਂ ਦੇਈਏ
ਦੀਰਘ ਹਉਮੈ ਮਾਰ
ਭੈ ਵਿਚ ਸਭ ਬ੍ਰਹਿਮੰਡ ਹੈ
ਭੈ ਵਿਚ ਹੈ ਭਾਉ ਦੀ ਭਰਮਾਰ
ਕਹਿ ਗਏ
ਗੁਰੂ ਨਾਨਕ ਸੱਚੀ ਸਰਕਾਰ।
ਵਿਚ ਦੁਨੀਆ ਸੇਵ ਕਮਾਂਵਦਿਆਂ
ਰਬ ਦੇ ਘਰ ਸੋਭਾ ਪਾਂਵਦਿਆਂ
ਲਾਲੋ ਨੂੰ ਮਿੱਤਰ ਬਣਾਂਵਦਿਆਂ
ਕਿਰਤੀ ਨੂੰ ਗਲੇ ਲਗਾਂਵਦਿਆਂ
ਮਲਕ ਭਾਗੋ ਤਾਈਂ
ਰਾਹ ਦਿਖਾਂਵਦਿਆਂ
ਪੂੜੇ ’ਚੋਂ ਜਿਸ ਕੱਢੀ
ਲਹੂ ਦੀ ਧਾਰ
ਉਹੋ ਸੀ
ਗੁਰੂ ਨਾਨਕ ਸੱਚੀ ਸਰਕਾਰ।
ਕਰੋੜਾਂ ਸੂਰਜ
ਤੇ ਚੰਨ ਤਾਰੇ ਜੀ
ਫੁੱਲ ਬੂਟੇ
ਪੰਛੀ ਸਾਰੇ ਜੀ
ਕਲਕਲ ਨਦੀਆਂ
ਛਰਛਰ ਚਸ਼ਮੇਂ
ਸਭ ਹਵਾ ਦੇ
ਬੁੱਲ੍ਹੇ ਪਿਆਰੇ ਜੀ
ਕਰਨ ਆਰਤਾ
ਰਲ ਮਿਲ ਕਰਤੇ ਦਾ
ਬ੍ਰਹਿਮੰਡ ਗਗਨ ਦੇ
ਧਰਤੇ ਦਾ
ਜਾਈਏ ਕੁਦਰਤ ਤੋਂ ਬਲਿਹਾਰ
ਕਹਿ ਗਏ
ਗੁਰੂ ਨਾਨਕ ਸੱਚੀ ਸਰਕਾਰ।
ਗਾਰਬਵਾਦ ਵੀ
ਮਾਲਕ ਨਾਲ ਤੇ
ਚਾਕਰ ਵੀ ਅਖਵਾਉਂਦਾ ਹੈਂ
ਇਸ਼ਕ ਜੇ ਕੀਤਾ
ਕਰਤੇ ਤਾਈਂ
ਕਿਉਂ ਹਿਸਾਬਾਂ ਵਿਚ ਪੈ ਜਾਂਦਾ ਹੈਂ
ਦਾਤੇ ਦੇ ਹੱਥ
ਸਭ ਦਾਤਾਂ ਨੇ
ਤੂੰ ਘੜਾ ਤਾਂ ਸਿੱਧਾ
ਰੱਖ ਆਪਣਾ
ਰੱਜ ਜਾਵੇਂਗਾ ਤੂੰ
ਲੈ ਲੈ ਕੇ
ਉਹਨੇ ਦੇ ਦੇ
‘ਉੱਪਲ’ ਨਹੀਂ ਥੱਕਣਾ
ਬੇਪਰਵਾਹ ਨੂੰ
ਕਰ ਪੁਕਾਰ
ਕਹਿ ਗਏ
ਗੁਰੂ ਨਾਨਕ ਸੱਚੀ ਸਰਕਾਰ।