ਦੇਵਤਿਆਂ ਨੇ ਖੀਰ ਸਮੁੰਦਰ ਰਿੜਕਿਆ,
ਰਤਨ ਅਮਲੋਕ ਦਾਤ ਉਨ੍ਹਾਂ ਨੂੰ ਮਿਲ ਗਈ ।
ਕੂੜ ਕੁਸੱਤ ਅਗਿਆਨ ਦਾ ਭਾਂਡਾ ਤਿੜਕਿਆ,
ਵਹਿਮਾਂ ਤੇ ਬਦੀਆਂ ਦੀ ਦੁਨੀਆ ਹਿਲ ਗਈ ।
ਸਚ ਦਾ ਚੜ੍ਹਦਾ ਚੜ੍ਹਦਾ ਸੂਰਜ ਚੜ੍ਹ ਗਇਆ,
ਕੂੜੁ ਅਮਾਵਸ ਵੇਹੰਦੇ ਵੇਹੰਦੇ ਉੜ ਗਈ ।
ਸੱਚ ਪੈਰਾਂ ਤੇ ਖੜ੍ਹਦਾ ਖੜ੍ਹਦਾ ਖੜ੍ਹ ਗਇਆ,
ਧਾਰ ਸਿਤਮ ਦੀ ਮੁੜਦੀ ਮੁੜਦੀ ਮੁੜ ਗਈ।
ਰਤਨ ਅਮੋਲਕ ਸਭ ਦਾ ਸਾਂਝਾ ਮਾਲ ਸੀ,
ਸੁਰ ਲੋਕਾਂ ਵਿਚ ਕੈਦ ਵਿਚਾਰਾ ਹੋ ਗਇਆ।
ਦੇਵਤਿਆਂ ਦੇ ਕਬਜ਼ੇ ਦਾ ਇਹ ਹਾਲ ਸੀ,
ਲੋਕਾਂ ਦਾ ਇਹ ਮਾਲ ਨਕਾਰਾ ਹੋ ਗਇਆ ।
ਦੇਵਤਿਆਂ ਦਾ ਹਾਲ ਉਦੋਂ ਤੇ ਠੀਕ ਸੀ,
ਜਦ ਲਾਚਾਰ ਬੜੇ ਸਨ ਧੁੰਧੂਕਾਰ ਵਿਚ ।
ਘਾਲ ਉਨ੍ਹਾਂ ਦੀ ਇਸ ਗਲ ਦੀ ਪ੍ਰਤੀਕ ਸੀ,
ਪਹਿਲਾਂ ਨਹੀਂ ਆਏ ਸਨ ਉਹ ਹੰਕਾਰ ਵਿਚ ।
ਐਪਰ ਪਾ ਕੇ ਵਸਤ ਨਸ਼ੇ ਵਿਚ ਆ ਗਏ,
ਅਪਣਾ ਕਬਜ਼ਾ ਕਰਨ ਦੀ ਹੋਈ ਲਾਲਸਾ ।
ਹਉਮੈਂ ਦੇ ਵਿਚ ਆ ਕੇ ਧੋਖਾ ਖਾ ਗਏ
ਘੱਟੇ-ਕੌਡੀ ਹੋਕੇ ਰਹੇ ਨ ਖ਼ਾਲਸਾ।
ਪਰ ਇਕ ਪੁੱਠਾ ਗੇੜ ਸਮੇਂ ਨੇ ਕੱਟਿਆ,
ਫੇਰ ਹਨੇਰੇ ਪਸਰਨ ਲੱਗੇ ਆਣ ਕੇ ।
ਫੇਰ ਬੁਰਾਈਆਂ ਪੈਰ ਅਗਾਹਾਂ ਪੁੱਟਿਆ,
ਝੂਠ ਖਲੋਇਆ ਫੇਰ ਕਮਾਨਾਂ ਤਾਣ ਕੇ।
ਰਤਨ ਅਮੋਲਕ ਉੱਤੇ ਘੱਟੇ ਪੈ ਗਏ,
ਬੇ-ਅਮਲੀ ਦੀ ਧੂੜ ਉਧੇ ਤੇ ਜਮ ਗਈ ।
ਕੂੜ, ਕੁਸੱਤ, ਅਗਿਆਨ ਦੇ ਰੱਟੇ ਪੈ ਗਏ,
ਧਰਮ ਦੀ ਹੁੰਦੀ ਹੁੰਦੀ ਬਾਰਸ਼ ਥਮ ਗਈ।
ਵਸਤ ਅਮੋਲਕ ਅਰਸ਼ਾਂ ਵਿਚ ਵਿਹਾ ਗਈ,
ਆ ਨਾ ਸੱਕੀ ਫਰਸ਼ਾਂ ਦੀ ਦਹਿਲੀਜ਼ ਤੇ ।
ਇਹ ਆਮਾਂ ਦੀ ਸ਼ੈ ਖਾਸਾਂ ਹਥ ਆ ਗਈ
ਅਰਸ਼ ਨੇ ਕਬਜ਼ਾ ਕੀਤਾ ਫ਼ਰਸ਼ੀ ਚੀਜ਼ ਤੇ।
ਉਂਲਝ ਗਈ ਇਹ ਦੇਵਤਿਆਂ ਦੀ ਜ਼ਾਤ ਵਿਚ,
ਲੋਕਾਂ ਦੇ ਰੋਗਾਂ ਦਾ ਜਿਹੜੀ ਤੋੜ ਸੀ।
ਦੁਨੀਆ ਦੇ ਵਿਗੜੇ ਹੋਏ ਹਾਲਾਤ ਵਿਚ,
ਫ਼ਰਸ਼ਾਂ ਉੱਤੇ ਇਸ ਦੀ ਡਾਢੀ ਲੋੜ ਸੀ।
ਜ਼ੁਲਮ ਸਿਤਮ ਦਾ ਸੀ ਅੰਧੇਰ ਪਲੋ ਰਿਹਾ,
ਪਾਪ ਦੀ ਜੰਞ ਸੀ ਧਾਈ ਕਰ ਕੇ ਆ ਰਹੀ ।
ਲੋਕਾਂ ਦਾ ਸੀ ਨਕ ਦੇ ਵਿਚ ਦਮ ਹੋ ਰਿਹਾ,
‘ਬਾਬਰ-ਵਾਣੀ' ਦੁਨੀਆਂ ਤੇ ਸੀ ਛਾ ਰਹੀ ।
ਫੇਰ ਸਮੁੰਦਰ ਇਕ ਬੰਦੇ ਨੇ ਰਿੜਕਿਆ,
ਰਤਨ ਅਮੋਲਕ ਦਾਤ ਸੀ ਉਹਨੂੰ ਮਿਲ ਗਈ ।
ਫੇਰ ਸੱਤ ਅਗਿਆਨ ਦਾ ਭਾਂਡਾ ਤਿੜਕਿਆ,
ਵਹਿਮਾਂ ਤੇ ਬਦੀਆਂ ਦੀ ਦੁਨੀਆ ਹਿਲ ਗਈ।
ਸਚ ਦਾ ਸੂਰਜ ਚੜ੍ਹਦਾ ਚੜ੍ਹਦਾ ਚੜ੍ਹ ਗਇਆ,
ਕੂੜ ਅਮਾਵਸ ਫਿਰ ਇਕ ਵਾਰੀ ਉੜ ਗਈ ।
ਸਚ ਪੈਰਾਂ ਦੇ ਖੜ੍ਹਦਾ ਖੜ੍ਹਦਾ ਖੜ੍ਹ ਗਇਆ,
ਧਾਰ ਸਿਤਮ ਦੀ ਮੁੜਦੀ ਮੁੜਦੀ ਮੁੜ ਗਈ ।
ਰਤਨ ਅਮੋਲਕ ਪਾ ਕੇ ਦਾਮਨ ਭਰ ਲਿਆ,
ਇਸ ‘ਮਰਦੇ-ਕਾਮਲ' ਨੇ ਉਸਨੂੰ ਛੰਡ ਕੇ,
ਸਾਂਝੀਵਾਲ ਸਦਾ ਕੇ ਸਾਂਝਾ ਕਰ ਲਿਆ,
ਉਸਨੇ ਇਸਨੂੰ ਲੋਕਾਂ ਦੇ ਵਿਚ ਵੰਡ ਕੇ ।
ਰਾਤਾਂ ਤੇ ਦਿਨ ਕਟੇ ਉਸਨੇ ਜਾਗ ਕੇ,
ਚਾਰੇ ਬੰਨੇ ਹੋਈਆਂ ਚਾਰ ਉਦਾਸੀਆਂ ।
ਦੁਖ ਤਕਲੀਫਾਂ ਅਪਣੇ ਸਿਰ ਤੇ ਝਾਗ ਕੇ,
ਕੱਟੀਆਂ ਉਸਨੇ ਜਨਤਾ ਦੀਆਂ ਚੁਰਾਸੀਆਂ ।
ਆ ਕੇ ਪੂਰੇ ਜੋਬਨ ਤੇ ਆਵੇਸ਼ ਵਿਚ,
ਹਰ ਥਾਂ ਤੇ ਇਹ ਵਸਤ ਸਥਾਨਕ ਹੋ ਗਈ।
ਹਰ ਸਿੱਮਤ ਹਰ ਥਾਂ ਤੇ ਹਰ ਇਕ ਦੇਸ਼ ਵਿਚ,
ਇਕ ਵਾਰੀ ਤੇ ਨਾਨਕ ਨਾਨਕ ਹੋ ਗਈ ।
ਸਹਿਣ ਲਈ ਹਰ ਵਾਰ ਨੂੰ ਅਪਣੀ ਹਿਕ ਉੱਤੇ,
ਜ਼ੁਲਮ ਸਿਤਮ ਦੇ ਅੱਗੇ ਮਰਦ ਖਲੋ ਗਇਆ ।
ਤਕਵਾ ਉਸਨੇ ਰਖਿਆ ਕੇਵਲ ਇਕ ਉੱਤੇ,
ਨਨਕਾਣੇ ਦਾ ਜੰਮ-ਪਲ ਸਭ ਦਾ ਹੋ ਗਇਆ।
‘ਏਤੀ ਮਾਰ ਪਈ’ ਕਰਲਾਈ ਆਤਮਾ,
ਮਰਦ ਨੇ ਨਅਰਾ ਜ਼ੋਰ ਦਾ ਲਾਇਆ ਆਣ ਕੇ,
"ਤੈਂ ਕੀ ਦਰਦ ਨਾ ਆਇਆ ਓ ਪਰਮਾਤਮਾ !
ਕਿੱਥੇ ਸੁੱਤਾ ਏਂ ਤੂੰ ਲੰਮੀਆਂ ਤਾਣ ਕੇ ?
ਛੁਪਣ ਨਹੀਂ ਦੇਵਾਂਗਾ ਤੈਨੂੰ ਅਰਸ਼ ਤੇ
ਹੁਣ ਹੋਵੇਂਗਾ ਮਾਲ ਤੂੰ ਸਿਰਫ਼ ਲੁਕਾਈ ਦਾ ।
ਲੋਕਾਂ ਵਿਚ ਸ਼ਾਮਲ ਹੋਏਂਗਾ ਫ਼ਰਸ਼ ਤੇ,
ਏਥੇ ਦਿਖਲਾਵੇਂਗਾ ਜੌਹਰ ਖ਼ੁਦਾਈ ਦਾ ।"