ਅਸਾਂ ਤਾਂ ਰਹਿਣਾ ਏਂ ਪਿੰਜਰੇ ਪਿੰਜਰੇ
ਮਾਰ ਤੇ ਭਾਵੇਂ ਮਾਰ ਨਾ ਜਿੰਦਰੇ
ਚਿੜੀਆਂ ਦਾ ਚੰਬਾ ਉਡਣਾ ਚਾਹੇ
ਉਡੀਏ ਤਾਂ ਉਡੀਏ ਕਿਹੜੀ ਰਾਹੇ
ਬਾਬਲ ਹੱਥੀਂ ਆਪ ਉਡਾਏ
ਤਾੜ ਕੇ ਪਿੰਜਰੇ
ਮਾਰ ਕੇ ਜਿੰਦਰੇ
ਪਲ ਭਰ ਉੱਡਦੇ ਆਂ ਟਾਹਣੀਉਂ ਟਾਹਣੀ
ਟਾਹਣੀਉਂ ਟਾਹਣੀ ਹਾਣੀਉਂ ਹਾਣੀ
ਓਥੇ ਵੀ ਆਖਰ ਗੱਲ ਪੁਰਾਣੀ
ਹਾਣ ਨੂੰ ਪਿੰਜਰੇ
ਜਾਨ ਨੂੰ ਪਿੰਜਰੇ
ਅਪਣੇ 'ਚੋਂ ਅਪਣੀਆਂ ਅੱਖੀਆਂ ਪੁੱਟੀਆਂ
ਪਿੰਜਰੇ 'ਚੋਂ ਬਾਹਰ ਵਗਾਹ ਕੇ ਸੁੱਟੀਆਂ
ਚੁੱਕ ਲਈਆਂ ਲੋਕਾਂ ਡਿੱਗੀਆਂ ਤੇ ਟੁੱਟੀਆਂ
ਰੱਖ ਲਈਆਂ ਪਿੰਜਰੇ
ਡੱਕ ਲਈਆਂ ਜਿੰਦਰੇ
ਪਿੰਜਰੇ ਤੋਂ ਬਾਹਰ ਪੈਰ ਜਾਂ ਪਾਇਆ
ਪਿੰਜਰਾ ਹੀ ਸਾਨੂੰ ਲੈਣ ਨੂੰ ਆਇਆ
ਪਿੰਜਰੇ ਸੰਗ ਪਿੰਜਰਾ ਟਕਰਾਇਆ
ਰੰਗ ਵੀ ਪਿੰਜਰੇ
ਜੰਗ ਵੀ ਜਿੰਦਰੇ
ਅਸਾਂ ਤਾਂ ਰਹਿਣਾ ਏਂ ਪਿੰਜਰੇ ਪਿੰਜਰੇ
ਮਾਰ ਤੇ ਭਾਵੇਂ ਮਾਰ ਨਾ ਜਿੰਦਰੇ