ਆਸਾਂ ਦੇ ਸ਼ਹਿਰ ਅੰਦਰ, ਕੁਝ ਲੋਕ ਨੇਂ ਨਿਰਾਸੇ

ਆਸਾਂ ਦੇ ਸ਼ਹਿਰ ਅੰਦਰ, ਕੁਝ ਲੋਕ ਨੇਂ ਨਿਰਾਸੇ,

ਗ਼ਮ ਕਰ ਰਹੇ ਨੇਂ ਮੌਜਾਂ, ਖ਼ੁਸ਼ੀਆਂ ਦੇ ਆਸੇ ਪਾਸੇ ।

ਵੇਖੇ ਫ਼ਰੇਬ ਖਾਂਦੇ, ਜਦ ਯਾਰ ਯਾਰੀਆਂ ਤੋਂ,

ਦੁਸ਼ਮਣ ਵੀ ਅਪਣੇ ਦੁਸ਼ਮਣ ਨੂੰ, ਦੇ ਰਿਹੈ ਦਿਲਾਸੇ।

ਜ਼ੁਲਮਾਂ ਦੇ ਜ਼ਹਿਰ ਫੱਕੇ, ਸਾਰੀ ਹੀ ਜ਼ਿੰਦਗੀ, ਪਰ,

ਦਿੱਤੇ ਨਾ ਪੀਣ ਜ਼ਾਲਮ ਨੂੰ, ਘੋਲ਼ ਕੇ ਪਤਾਸੇ।

ਮਿਲਿਆ ਜਾਂ ! ਹਾਲ ਪੁਛਿਆ, ਤੇ ਉਦਾਸ ਹੋ ਗਿਆ ਓਹ,

ਮੈਂ ਤੇ ਸੀ ਗੱਲ ਕੀਤੀ, ਬਸ ਐਵੇਂ ਹਾਸੇ ਹਾਸੇ।

ਰਗ ਰਗ ਤੋਂ ਮੇਰੀ ਵਾਕਫ਼, ਏਹ ਦਰਦ ਜਾਪਦਾ ਏ,

ਬਹਿੰਦਾ ਰਿਹਾ ਏ ਸ਼ਾਇਦ, ਮੇਰੀ ਕਿਸੇ ਕਲਾਸੇ।

ਹਰ ਬਾਤ ਮੇਰੀ ਸੁਣਦੈ, ਤੇ ਜਵਾਬ ਠੀਕ ਦੇਂਦੈ,

ਜਦ ਪਿਆਰ ਵਾਲੀ ਛੇੜਾਂ, ਪਾ ਦੇਂਦੈ ਵਿਚ ਹਾਸੇ।

ਦੁਨੀਆਂ ਦੀ ਸ਼ਕਲ ਬਦਲੀ, ਇਨਸਾਨ ਨੇ, ਪਰ ਆਪੀਂ,

ਜਿਉਂ ਬਲਦ ਵਿਚ ਪੰਜਾਲ਼ੀ, ਜੁਪਿਐ ਖੂਹੇ ਖਰਾਸੇ।

ਜ਼ਿਹਨਾਂ ਚੋਂ ਘਿਣ, ਕਰਾਹਤ, ਮੁਕਣੀ ਏਂ ਏਸਰਾਂ,

ਜੇ, ਨਫ਼ਰਤ ਦਾ ਜ਼ਹਿਰ ਡੀਕੋ, ਇਕ ਸਾਹੇ, ਇਕ ਗਲਾਸੇ।

ਕਿਸ ਕਿਸ ਨਾ ਢਾਹ ਲਾਈ, ਢਾਵਣ ਦੀ ਮੈਨੂੰ ਯਾਰੋ,

ਦਰਦਾਂ ਨੇ ਜਿਸਮ ਅੰਦਰ, ਦੁਨੀਆਂ ਨੇਂ ਚਾਰ ਪਾਸੇ।

ਧਰਤੀ ਤੇ ਆਦਮੀ ਦਾ, ਰਿਸ਼ਤਾ ਅਟੂਟ 'ਅਸ਼ਰਫ਼',

ਦੋਵੇਂ ਹੀ ਰਲ਼ ਕੇ ਸਹਿੰਦੇ, ਪਾਲ਼ੇ ਕਦੀ ਚੁਮਾਸੇ।

📝 ਸੋਧ ਲਈ ਭੇਜੋ