ਅਸਾਡੇ ਨਾਲ ਰਿਸ਼ਤਾ

ਅਸਾਨੂੰ ਨਾ ਸਹੀ, ਐਪਰ ਕਿਸੇ ਨੂੰ ਤਾਂ ਸਹੀ ਦੱਸੇ । 

ਅਸਾਡੇ ਨਾਲ ਰਿਸ਼ਤਾ ਆਪਣਾ, ਖ਼ੁਦ ਜ਼ਿੰਦਗੀ ਦੱਸੇ ।

ਗਲੀ ਵਿੱਚ ਖੇਡਦੇ ਬੱਚੇ ਦਾ ਮਜ਼ਹਬ ਜਾਣਦਾ ਹਾਂ ਮੈਂ, 

ਮੇਰੇ ਵਿਹੜੇ 'ਚ ਡਿੱਗੀ ਗੇਂਦ ਦਾ ਮਜ਼ਹਬ ਕੋਈ ਦੱਸੇ ।

ਹੈ ਹਰ ਰਿਸ਼ਤੇ 'ਚ ਕਿੰਨੇ ਰਿਸਤਿਆਂ ਦੀ ਖੋਟ ਪਾ ਦਿੱਤੀ, 

ਪਤਾ ਇਸਦਾ, ਅਸਾਡੇ ਰਿਸ਼ਤਿਆਂ ਦੀ ਦੁਰਗਤੀ ਦੱਸੇ ।

ਬੜੇ ਮਿੱਠੇ, ਬੜੇ ਮਾਸੂਮ ਹਨ, ਮਿਹਣੇ ਮੁਹੱਬਤ ਦੇ, 

ਮੈਂ ਮੰਗਾਂ, ਉਸਦੇ ਗ਼ਮ ਉਸ ਤੋਂ, ਉਹ ਮੈਨੂੰ ਲਾਲਚੀ ਦੱਸੇ ।

ਸਫ਼ਰ ਤੈਅ ਕਰਕੇ ਮੰਜ਼ਿਲ ਪਾਣ ਦਾ, ਉਹ ਲੁਤਫ਼ ਕੀ ਜਾਨਣ ? 

ਜਿਨ੍ਹਾਂ ਨੂੰ ਰਸਤਿਆਂ ਦਾ ਥਹੁ-ਪਤਾ ਵੀ ਜੋਤਸ਼ੀ ਦੱਸੇ ।

ਉਹ ਚਾਹੁੰਦਾ ਮਾਂ ਹੀ ਬਣਨਾ ਸੀ, ਪਿਆ ਪਰ ਈਸ਼ਵਰ ਬਣਨਾ, 

ਹਕੀਕਤ ਇਹ, ਕਿਸੇ ਨੂੰ ਉਹ, ਕਿਵੇਂ ਦੱਸੇ ਤੇ ਕੀ ਦੱਸੇ ?

ਤੁਸੀਂ ਕਿਸ ਭਾਅ 'ਤੇ ਆਪਣੀ ਅਣਖ ਦਾ ਸੌਦਾ ਮੁਕਾਇਆ ਹੈ, 

ਤੁਹਾਡੇ ਚਿਹਰਿਆਂ ‘ਤੇ, ਰੀਂਗਦੀ ਸ਼ਰਮਿੰਦਗੀ ਦੱਸੇ ।

📝 ਸੋਧ ਲਈ ਭੇਜੋ