ਇਕ ਲੱਤ ਇਕ ਹੱਥ ਵਾਲਾ ਬਾਸ਼ਿੰਦਾ
ਵਿੱਚ ਬਹਿਸ਼ਤਾਂ ਆਇਆ
ਬਾਬੇ ਨਾਨਕ ਵੇਖਿਆ
ਉਹਨੂੰ ਗਲ ਨਾਲ ਲਾਇਆ
ਪੁੱਛਿਆ ਬਾਬੇ ਪਿਆਰ ਨਾਲ
ਕਿੰਜ ਆਇਆ ਬੱਲਿਆ
ਚੁੱਪ ਚਾਪ ਉਹ ਵੇਖੇ
ਨਾ ਬੋਲਿਆ ਨਾ ਹਲਿਆ
ਬਾਬੇ ਦਿੱਤਾ ਹੌਸਲਾ
ਹੱਥ ਫੜ ਕੋਲ ਬਿਠਾਇਆ
ਪਿਆਰ ਨਾਲ ਫਿਰ ਪੁੱਛਿਆ
ਇਕ ਹੱਥ ਕਿੱਥੇ ਛੱਡ ਆਇਆ
ਡਰਦਾ ਡਰਦਾ ਬੋਲਿਆ
ਹੋ ਗਈ ਬੇਅਦਬੀ ਮੈਥੋਂ
ਹੱਥ ਮੇਰਾ ਉਹਨੂੰ ਵੱਢਿਆ
ਕਹਿੰਦੇ ਹੁਣ ਚੱਲ ਜਾ ਇੱਥੋਂ
ਸਿਰ ਹੱਥ ਬਾਬੇ ਨੇ ਫੇਰਿਆ
ਪਿਆਰ ਨਾਲ ਨੇਡ਼ੇ ਲਾਇਆ
ਬੇਅਦਬੀ ਹੁੰਦੀ ਦਿਲਾਂ ਤੋਂ
ਨਹੀਂ ਹੁੰਦੀ ਹੱਥ ਲਾਇਆ
ਪੈਂਤੀ ਵਰ੍ਹਿਆਂ ਦਾ ਨੌਜਵਾਨ ਡਾਹਢਾ ਕੁਰਲਾਇਆ
ਬੋਲਿਆ ਬਾਬਾ ਤੇਰੇ ਨਾਂ ਤੇ ਮੈਨੂੰ ਮਾਰ ਮੁਕਾਇਆ
ਬਾਬਾ ਸੋਚੀਂ ਪੈ ਗਿਆ
ਮੈਂ ਬੜਾ ਸਮਝਾਇਆ
ਕਿਉਂ ਨ੍ਹੀਂ ਲੋਕੀਂ ਸਮਝਦੇ
ਕੋਈ ਨਹੀਂ ਪਰਾਇਆ
ਮੈਂ ਵਿਚ ਦਿਲਾਂ ਦੇ ਵੱਸਦਾ
ਇਨ੍ਹਾਂ ਨੂੰ ਸਮਝ ਨਾ ਆਇਆ
ਡੁੱਬ ਗਏ ਵਿਚ ਪਾਖੰਡ ਦੇ
ਧਰਮ ਦਿਲੋਂ ਭੁਲਾਇਆ
ਸਭ ਬੰਦੇ ਕੁਦਰਤ ਦੇ
ਨੂਰ ਇੱਕੋ ਸਭ ਵਿੱਚ ਆਇਆ
ਗਲ ਏਨੀ ਨਹੀਂ ਸਮਝਦੇ
ਇਨ੍ਹਾਂ ਕਿਉਂ ਭੜਥੂ ਪਾਇਆ
ਇੱਕ ਜਿੰਦ ਮੁਕਾ ਕੇ ਸੋਚਦੇ
ਇਨ੍ਹਾਂ ਰੱਬ ਬਚਾਇਆ
ਡੁੱਬੇ ਵਿੱਚ ਭਰਮ ਭੁਲੇਖਿਆਂ
ਰੱਬ ਮਾਰ ਮੁਕਾਇਆ