ਅਸੀਮ ਮੁਹੱਬਤ

ਕਿੰਨੇ ਨੇ ਖਿਆਲ ਆਏ

ਕਿੰਨ੍ਹੀਆਂ ਮੁਹੱਬਤਾਂ

ਇਸ਼ਕਾਂ ਦੇ ਅੰਬਰਾਂ ਤੇ

ਨੱਚ ਨੱਚ ਚਲੇ ਗਏ,

ਦਿਲਾਂ ਵਾਲੀ ਪੀੜ ਜੋ

ਝੱਲੀ ਨਹੀਂ ਜਾਂਦੀ ਓ

ਇਸ਼ਕੇ ਦੀ ਗਲੀ ਵਿਚੋਂ

ਬੱਚ ਬੱਚ ਚਲੇ ਗਏ,

ਵੱਡੇ ਜੋ ਵਡੇਰੇ ਸਭ

ਭਾਲਦੇ ਨੇ ਚੌਧਰਾਂ

ਆਸ਼ਕ ਹਕੀਮ ਵਿਚ

ਅਸਰ ਨਾ ਰਿਹਾ,

ਦੱਬਦੇ ਦਬਾਉਂਦੇ

ਲੰਘੇ ਜਿੰਦਗੀ ਦੇ ਸਾਲ

ਜੀਵਨ ਇਕ ਥਾਂ ਕਦੇ ਵੀ

ਬਸਰ ਨਾ ਰਿਹਾ,

ਚੀਸ ਇਸ਼ਕੇ ਦੀ ਕੱਚੀ

ਝੂਠੇ ਫੁੱਲਾਂ ਉੱਤੇ ਨੱਚੀ

ਬਣ ਸੋਨੇ ਦੀ ਵਿਖਾਏ

ਨਾ ਆਇਆ ਜੀ ਯਕੀਨ,

ਪਈ ਮੱਤ ਉੱਤੇ ਧੁੰਦ

ਲਈ ਗੁੱਤ ਆਪੇ ਗੁੰਦ

ਸਭ ਰਾਜ ਗਏ ਖੁੱਲ

ਜੋ ਜਿਆਦਾ ਸੀ ਮਹੀਨ,

ਕੀ ਲਾਭ ਨੁਕਸਾਨ

ਮਰੇ ਮੁਕਰੇ ਦੀ ਜਾਨ

ਹੁੰਦਾ ਭੋਰਾ ਨਹੀਂ ਵਸਾਹ

ਹੱਥੋ ਛੁੱਟ ਜਾਵੇ ਐਵੇਂ

ਨਿੱਕੀ ਚੁੱਭ ਜਾਵੇ ਗੱਲ

ਮੱਚ ਜਾਵੇ ਤੜਥੱਲ

ਕੁਝ ਪਤਾ ਵੀ ਨਾ ਲੱਗੇ

ਦਿਲ ਟੁੱਟ ਜਾਵੇ ਐਵੇਂ,

ਉਹ ਉਮਰਾਂ ਤੋ ਵੱਡੇ

ਪੂਰੇਂ ਯਾਦਾਂ ਵਾਲੇ ਖੱਡੇ

ਕਿਸੇ ਪਾਸਿਓਂ ਵੀ ਕਿਰਨ

ਨਾ ਕੋਈ ਆਸ ਵਾਲੀ ਆਵੇ,

ਸਾਡੀ ਕਿੰਨ੍ਹੀ ਕੁ ਕਮਾਈ

ਇਹ ਕਲਮ ਘਸਾਈ

ਘੜੀ ਕੋਈ ਵੀ ਸੁਲੱਖਣੀ

ਨਾ ਧਰਵਾਸ ਵਾਲੀ ਆਵੇ ।

ਕੀਤੇ ਵਰਕੇ ਮੈਂ ਕੱਠੇ

ਉੱਤੋਂ ਸੇਕ ਮੱਠੇ ਮੱਠੇ

ਮੇਰੇ ਜਹਿਨ ਵਿਚ ਆਈ

ਇੱਕ ਕਵਿਤਾ ਦੀ ਗੱਲ,

ਭੁੱਲੇ ਇਲਮ ਮਜ਼ਾਜੀ

ਸਾਡੀ ਰੱਖ ਲਾ ਲਿਹਾਜ਼ੀ

ਛੱਡ ਝੰਗ ਤੇ ਸਿਆਲ

ਅਸੀਂ ਆਏ ਤੇਰੇ ਵੱਲ,

ਬੜੀ ਦੂਰ ਦੀ ਕਹਾਣੀ

ਉਹ ਰਾਜਾ ਤੇ ਮੈਂ ਰਾਣੀ

ਹੋਈ ਸੁਪਨੇ ਚ ਬਾਤ

ਚੱਲੇ ਕਿੱਸੇ ਜੀ ਹਕੀਕੀ,

ਉਹਦੀ ਰਮਜ਼ ਰੂਹਾਨੀ

ਸਾਡਾ ਇਸ਼ਕ ਹਕਾਨੀ

ਉਹਨੇ ਆਪਣੀ ਵੀ ਜਿੰਦ

ਰਾਤ ਮੇਰੇ ਨਾਂ ਉਲੀਕੀ ।

ਉਹਦੇ ਵਰਗੇ ਨਹੀਂ ਹੋਰ

ਪਵੇ ਦੂਰੋਂ ਲਿਸ਼ਕੋਰ

ਸਾਡੀ ਅਜਲਾਂ ਦੀ ਸਾਂਝ

ਨਹੀਂ ਤਕਸੀਮ ਹੁੰਦੀ ਐਵੇਂ,

ਕੋਈ ਪਾਣੀਆਂ ਨੂੰ ਵੱਢ

ਲੈ ਜੇ ਜਿੰਦ ਜਾਨ ਕੱਢ

ਇਹ ਮੁਹੱਬਤ ਹੈ ਜਨਾਬ

ਨਹੀਂ ਅਸੀਮ ਹੁੰਦੀ ਐਵੇਂ ।

📝 ਸੋਧ ਲਈ ਭੇਜੋ