ਜਦੋਂ ਜਨਮ ਲੈਂਦੀ ਹੈ ਕੋਈ ਕਵਿਤਾ
ਉਦੋਂ ਉਹ ਨੰਗੀ ਹੀ ਹੁੰਦੀ ਹੈ,
ਕਿਸੇ ਸੋਚ ਵਿਚ ਉਧੜਦੇ ਨੰਗੇ ਵਿਚਾਰਾਂ ਵਾਂਗ,
ਫੇਰ ਵੀ ਪਤਾ ਨਹੀਂ ਕਿਉਂ
ਸਾਨੂੰ ਕਵਿਤਾਵਾਂ ਨੂੰ ਕੱਪੜਿਆਂ ਨਾਲ ਸਜਾਉਣ ਦੀ ਆਦਤ ਜਿਹੀ ਹੋ ਗਈ ਹੈ,
ਸੁਣਿਆ ਹੈ,
ਨਗਨਤਾ ਜਾਂ ਤਾਂ ਕਲਾਤਮਕ ਨਜ਼ਰ ਆਉਂਦੀ ਹੈ
ਜਾਂ ਫਿਰ ਅਸ਼ਲੀਲ,
ਪਰ ਕਿੱਥੇ ਹੁੰਦਾ ਹੈ ਕੁਝ ਕਲਾਤਮਕ ਜਿਹਾ ਭੁੱਖੇ ਢਿੱਡ ਦੀ ਕਥਾ ਕਹਿੰਦੀ ਕਵਿਤਾ ਵਿਚ,
ਕਿ ਭਰਿਸ਼ਟਾਚਾਰ ਦੀ ਗੱਲ ਕਰਦੀ ਕਵਿਤਾ ਨਹੀਂ ਗੁਮਾਨ ਕਰਦੀ ਕਿਸੇ ਕਲਾਕਾਰੀ ਦਾ,
ਕਵਿਤਾਵਾਂ ਜਦੋਂ ਇਨਸਾਫ਼ ਮੰਗਣ ਅੱਗੇ ਆਉਂਦੀਆਂ ਹਨ,
ਤਾਂ ਉਹ ਬੇਇਨਸਾਫ਼ੀ ਵਾਂਗ ਹੀ ਨੰਗ ਧੜੰਗ ਕਿਸੇ ਲਾਚਾਰ ਦਲਿਤ ਉਤ ਪੀੜਨ ਵਾਂਗ,
ਦੌੜਦੀ ਹੈ ਸੜਕ ਦੇ ਵਿਚੋ-ਵਿਚ,
ਨਾਰੀ ਦੇ ਨੰਗੇ ਜਿਸਮ ਤੋਂ ਸ਼ੁਰੂ ਹੋ ਕੇ
ਪੁਰਸ਼ ਦੀ ਨੰਗੀ ਸੋਚ ਤੱਕ ਸਿਮਟਦੀ ਹੈ
ਲਿੰਗ ਭੇਦ ਦੀ ਕਥਾ ਕਹਿੰਦੀ ਕਵਿਤਾ,
ਰਹਿਣ ਦਿਓ ਇਸ ਕਵਿਤਾ ਨੂੰ, ਇੱਕ ਅਸ਼ਲੀਲ ਕਵਿਤਾ ਹੀ
ਕਿ ਇਨਕਲਾਬ ਨਾ ਕਦੇ ਕਲਾਤਮਕ ਹੋਏ ਨਾ ਹੋਣਗੇ......