ਸੂਹਾ ਫੁੱਲ ਅਸ਼ੋਕਾ ਚੇਤੀ
ਚੌੜੇ ਪੱਤਰ ਸਾਵੇ
ਜਿਉਂ ਸਾਗਰ ਦੀਆਂ ਲਹਿਰਾਂ ਵਿਚੋਂ
ਸੂਰਜ ਚੜ੍ਹਦਾ ਆਵੇ
ਨਾ ਇਹ ਸੂਰਜ ਉੱਚਾ ਹੋਵੇ
ਨਾ ਇਹ ਸੂਰਜ ਲੱਥੇ
ਧਰਤੀ ਜਿਵੇਂ ਖਲੋ ਜਾਵੇ
ਤੇ ਸਮਾਂ ਕੀਲਿਆ ਜਾਵੇ
ਤੇਰਾ ਪਿਆਰ ਅਸ਼ੋਕਾ ਚੇਤੀ
ਮੇਰੇ ਦਿਲ ਵਿਚ ਖਿੜਿਆ
ਇਕ ਨਜ਼ਰ ਦੀ ਡੰਡੀ ਉੱਤੇ
ਸੱਤਰ ਸੁਪਨਾ ਜੁੜਿਆ
ਮਿਲਣ ਘੜੀ ਦਾ ਰੱਤਾ ਜਾਦੂ
ਚਹੁੰ ਕੰਨੀਆਂ ਵਿਚ ਬੱਝਾ
ਹਰ ਇਕ ਮੌਸਮ ਏਸ ਦਹਿਲੀਜ਼ੇ
ਸੀਸ ਝੁਕਾ ਕੇ ਮੁੜਿਆ
ਤੇਰਾ ਪਿਆਰ ਅਸ਼ੋਕਾ ਚੇਤੀ
ਧਰਤੀ ਝੱਲ ਨਾ ਸੱਕੇ
ਮਨ ਦੇ ਫੁੱਲ ਮਨਾਂ ਵਿਚ ਖਿੜਦੇ
ਅੱਖੀਆਂ ਨੇ ਨਾ ਤੱਕੇ
ਪੌਣਾਂ ਦੇ ਵਿਚ ਹੌਕੇ ਵਸਦੇ
ਕਣੀਆਂ ਦੇ ਵਿਚ ਹੰਝੂ
ਲੱਖ ਅਸ਼ੋਕਾ ਚੇਤੀ ਇਸ ਦੇ
ਮਾਰੂਥਲ ਵਿਚ ਮੁੱਕੇ ।
ਮੁੱਕੇ ਲੱਖ ਅਸ਼ੋਕਾ ਚੇਤੀ
ਮੁੱਕੇ ਆਸ਼ਕ ਕੇਤੀ
ਲੱਖਾਂ ਨਗ਼ਮੇ ਤੜਪ ਤੜਪ ਕੇ
ਆਖਣ ਹੋਠਾਂ ਸੇਤੀ
ਸਾਡੇ ਸੁਚਿਆਂ ਸਾਹਵਾਂ ਅੰਦਰ
ਸੁਚੀਆਂ ਪੌਣਾਂ ਘੋਲੋ
ਦੁਨੀਆਂ ਦੇ ਇਸ ਵਿਹੜੇ ਅੰਦਰ
ਖਿੜੇ ਅਸ਼ੋਕਾ ਚੇਤੀ