ਅਛੂਤ ਦੇ ਤਅਨੇ

ਸਚਮੁਚ ਕਿਸੇ ਦਾ ਦੇਖਕੇ ਰੰਗ ਕਾਲਾ, 

ਕਾਲੇ ਦਿਲਾਂ ਦੇ ਮੂੰਹ ਜਦ ਮੋੜਦੇ ਨੇ । 

ਡੁੱਬ ਜਾਣੇ ਮੁਹਾਣੇ ਨਿਮਾਣਿਆਂ ਦੀ, 

ਜਦੋਂ ਇਜ਼ਤ ਦੀ ਬੇੜੀ ਨੂੰ ਬੋੜਦੇ ਨੇ । 

ਉਚ ਨੀਚਤਾ ਦੇ ਠਿੱਬਕ ਠੋਹਲੇ ਬਣਾ, 

ਜਦੋਂ ਭਾਈਆਂ ਦੇ ਪੈਰ ਮਚਕੋੜਦੇ ਨੇ । 

ਜਦੋਂ ‘ਪਰੇ ਰਹੁ' ‘ਪਰੇ ਰਹੁ' ਆਖ ਕਰਕੇ, 

ਸੀਨੇ ਤੀਰ ਗ਼ਰੀਬਾਂ ਦੇ ਪੋੜਦੇ ਨੇ । 

ਜਦੋਂ ਚੂਹੜੇ ਚਮਾਰਾਂ ਦਾ ਨਾਉਂ ਦੇ ਦੇਇ, 

ਪਾਪੀ ਮੰਦਰੀਂ ਜਾਣ ਤੋਂ ਹੋੜਦੇ ਨੇ । 

ਸਹੁੰ ਰਬ ਦੀ ਬੰਦੇ ਖੁਦਾ ਦੇ ਇਹ, 

ਓਦੋਂ ਰਬ ਦਾ ਦਿਲ ਪਏ ਤੋੜਦੇ ਨੇ ।

ਵੇਖੋ ! ਏਸੇ ਈ ਸਾਗਰ ਜਹਾਨ ਵਿਚੋਂ, 

ਕਈ ਸਾਕ਼ੀ ਜ਼ਮਾਨੇ ਨੇ ਦੌਰ ਬਦਲੇ । 

ਕਈਆਂ ਮਾੜਿਆਂ ਦੇ ਏਥੇ ਔਰ ਬਦਲੇ, 

ਕਈਆਂ ਚੰਗਿਆਂ ਦੇ ਏਥੇ ਤੌਰ ਬਦਲੇ । 

ਕਈ ‘ਟੈਕਸਲੇ' ਏਥੇ ਹੜਪ ਹੋਏ, 

ਕਈ ਦਿੱਲੀਆਂ ਅਤੇ ਪਸ਼ੌਰ ਬਦਲੇ । 

ਐਪਰ ‘ਚਾਲੀ-ਸੰਨੇ’ ਉੱਚੀ ਜ਼ਾਤ ਵਾਲੇ, 

ਅਜੇ ਤੀਕ ਨਾ ਸਾਡੇ ਇਹ ਭੌਰ ਬਦਲੇ । 

ਇਹਨਾਂ ਵਾਸਤੇ ਰੱਤ ਨਚੋੜਦਾ ਜੋ, 

ਇਹ ਤੇ ਓਸੇ ਨੂੰ ਪਾਣੀ ਤੋਂ ਮੋੜਦੇ ਨੇ । 

ਵੇਖੋ ! ਬੰਦਿਆਂ ਦਾ ਦਿਲ ਤੋੜ ਕੇ ਤੇ, 

ਬੰਦੇ ਰੱਬ ਦਾ ਦਿਲ ਪਏ ਤੋੜਦੇ ਨੇ ।

📝 ਸੋਧ ਲਈ ਭੇਜੋ