ਅਛੂਤ ਦੀ ਪੁਕਾਰ

ਰੱਬਾ ਮੇਰਿਆ ! ਮਨਾਂ ਦੇ ਘੋਖੀਆ ਵੇ, 

ਜਦ ਤੋਂ ਮਨੂੰ ਦੀ ਭੈੜੀ ਲਕੀਰ ਫਿਰ ਗਈ। 

ਹੌਲਾ ਕੁੱਖਾਂ ਤੋਂ ਓਦੋਂ ਦਾ ਹੋ ਗਿਆ ਹਾਂ, 

ਲੇਖ ਫੁਟੇ ਤੇ ਮੇਰੀ ਤਕਦੀਰ ਫਿਰ ਗਈ। 

ਕਿਦਾਂ ਦੰਦ ਨੇ ਜੀਭ ਨੂੰ ਖਾਣ ਲੱਗੇ, 

‘ਢਾਲ’ ਚੋਟਾਂ ਪਈ ਮਾਰੇ, ਤਾਸੀਰ ਫਿਰ ਗਈ। 

‘ਖੇੜੇ’ ਗ਼ੈਰਾਂ ਦੇ ਕਿਉਂ ਨਾ ਆਬਾਦ ਦਿਸਣ, 

ਮੇਰੀ ਆਪਣੀ ਮੈਥੋਂ ਜਾਂ ਹੀਰ ਫਿਰ ਗਈ । 

ਜੇਕਰ ਨਹੀਂ ਕਸਾਈ ਨੂੰ ਮਤ ਦੇਣੀ, 

ਤਾਂ ਗਰੀਬਣੀ ਗਾਂ ਵਲ ਵੇਖ ਤਾਂ ਸਹੀ। 

ਮੇਰੇ ਲਈ ਜੇ ਕੁਝ ਨਹੀਂ ਕਰਨ ਜੋਗਾ, 

ਤਾਂ ਤੂੰ ਅਪਣੇ ਨਾਂ ਵਲ ਵੇਖ ਤਾਂ ਸਹੀ।

ਉਂਝ ਗੰਦ ਤੇ ਗਿਡ ਦੇ ਨਾਲ ਭਾਵੇਂ, 

ਬੱਚੇ ਸਿਰਾਂ ਤੋਂ ਪੈਰਾਂ ਤਕ ਭਰੇ ਹੀ ਨੇ । 

ਭਾਵੇਂ ਘਰਾਂ ਤੋਂ ਘ੍ਰਿਣਾਂ ਤੇ ਕਿਰਕ ਆਵੇ, 

ਭਾਵੇਂ ਬੋ ਦੇ ਵਹਿਣ ਵਿਚ ਤਰੇ ਹੀ ਨੇ । 

ਘਰ ਵਸਦੀਆਂ ਭਾਵੇਂ ਕੁਦੇਸਣਾਂ ਨੇ, 

ਭਾਵੇਂ ਨਾਨਕੇ ‘ਦਿੱਲੀਓਂ' ਪਰੇ ਹੀ ਨੇ ।

ਉੱਚੀ ਜ਼ਾਤ ਦੇ ਸਾਡੇ ਜਨਾਬ ਹੋਰੀਂ, 

ਵੇਖਾਂ ! ਫੇਰ ਵੀ ਖਰੇ ਦੇ ਖਰੇ ਹੀ ਨੇ । 

ਉਧਰ ਮੈਂ ਕਿ ਸੁਥਰਾ ਵੀ ਰਹਾਂ ਜੇਕਰ, 

ਮੈਨੂੰ ਕੁੱਤਿਆਂ ਵਾਂਗ ਦੁਰਕਾਰ ਦੇ ਨੇ ।

ਡੁੱਬ ਜਾਣੇ ਹਕਾਰਤ ਦੇ ਸ਼ਹੁ ਅੰਦਰ, 

ਮੈਨੂੰ ਪਾਣੀ ਦੀ ਘੁਟ ਤੋਂ ਮਾਰਦੇ ਨੇ ।

📝 ਸੋਧ ਲਈ ਭੇਜੋ