ਅਸੀਂ ਕਿੰਨ੍ਹਾਂ 'ਚੋਂ ਹਾਂ

ਗੁਰੂ ਗੋਬਿੰਦ ਨੇ

ਸਿਰਫ਼ ਸੀਸ ਹੀ ਨਹੀਂ ਮੰਗਿਆ ਸੀ

ਮਸਤਕ ਵਿਚਲਾ ਚਿਰਾਗ ਵੀ ਮੰਗਿਆ ਸੀ

ਜਿਸ ਨੂੰ ਉਹ ਮਸ਼ਾਲ ਬਣਾ ਸਕੇ

ਸੁਲਘਦੀ ਹੋਈ ਸੋਚ ਮੰਗੀ ਸੀ

ਜਿਸ 'ਚ ਉਹ ਪੰਜਾਂ ਵਿਕਾਰਾਂ ਦੇ ਬੀਜ

ਭਸਮ ਕਰ ਸਕੇ

ਖੋਪੜੀ ਦਾ ਕਮੰਡਲ ਮੰਗਿਆ ਸੀ

ਜਿਸ 'ਚ ਉਹ ਭਰ ਸਕੇ

ਉੱਖੜੇ ਰਾਹਾਂ 'ਤੇ ਤੁਰਨ ਦਾ ਜ਼ਜਬਾ

ਉਸਨੇ ਅੰਨ੍ਹਿਆਂ ਤੋਂ

ਸੁਜਾਖੇ ਗੁਰੂ ਦੀਆਂ ਅੱਖਾਂ 'ਤੇ ਵਿਸ਼ਵਾਸ ਮੰਗਿਆ ਸੀ

ਉਸਨੇ ਸਿਰਫ਼ ਸੀਸ ਹੀ ਨਹੀਂ ਸੀ ਮੰਗਿਆ

ਸੀਸ ਵਿਚਲਾ ਬ੍ਰਹਿਮੰਡ ਵੀ ਮੰਗਿਆ ਸੀ

ਜਿੰਨ੍ਹਾਂ ਨੇ ਇਹ ਗੱਲ ਸਮਝ ਲਈ

ਉਹ 'ਪਿਆਰੇ' ਹੋ ਗਏ

ਜਿਹੜੇ ਸਮਝ ਨਾ ਸਕੇ

ਉਹ ਆਪਣੇ ਸਿਰਾਂ ਨੂੰ

ਹੱਥਾਂ 'ਚ ਬੋਚੀ ਬੈਠੇ ਰਹੇ

ਅਸੀਂ

ਜਿੰਨ੍ਹਾਂ ਦੇ ਨਾ ਸੀਸ ਸਲਾਮਤ

ਨਾ ਸੀਸ ਵਿਚਲਾ ਬ੍ਰਹਿਮੰਡ

ਅਸੀਂ ਕਿੰਨ੍ਹਾਂ 'ਚੋਂ ਹਾਂ?

📝 ਸੋਧ ਲਈ ਭੇਜੋ