ਅਸੀਂ ਨਹੀਂ ਆਏ
ਸਾਡੀ ਮਰਜ਼ੀ ਨਹੀਂ ਆਉਣ ਦੀ
ਗੰਢੜੀ ਪਹਾੜ ਦੀ ਖੁਲ੍ਹ ਗਈ ਚੁਰਾਹੇ
ਰਿੜ੍ਹਦੇ ਤੁਰੇ ਆਏ ਢੇਲੇ ਅੰਨ੍ਹੀ ਢਲਵਾਨ ਤੇ
ਸੂਰਜ ਦੇ ਗਲੋਂ ਟੁੱਟੀ ਧਰਤੀ ਪਹਿਲੀ ਵਾਰ
ਅਸੀਂ ਨਹੀਂ ਆਏ
ਸਾਡੇ ਸੁੰਗੜ ਗਏ ਦਰਿਆ ਨੇ
ਪਹਿਲੀ ਵਾਰ ਲਈ ਅੰਗੜਾਈ
ਤੇ ਆਬਸ਼ਾਰ ਟੁੱਟੀ ਅਧਵਾਟਿਓਂ
ਲੁੰਞੇ ਲੰਗਾਰੇ ਦਰਿਆ ਦੇ ਟੁਕੜੇ ਅਸੀਂ
ਤੇਰੇ ਘਰ ਡੁੱਲ੍ਹੇ
ਜਿਵੇਂ ਪਰਲੋ ਦੀਆਂ ਵਾਛੜਾਂ
ਅਸੀਂ ਨਹੀਂ ਆਏ
ਨੰਗੇ ਪਿੰਡੇ ਖ਼ਾਲੀ ਹੱਥ, ਦਿਲੋਂ ਸਖਣੇ ਮਸਖਣੇ
ਜ਼ਿੱਲਤ ਦੀ ਅਮੀਰੀ
ਸਾਡੇ ਅੰਗ ਸੰਗ ਸਦਾ ਹੈ
ਪਿੰਡੇ ਤੇ ਚੁਕ ਲਿਆਏ ਹਾਂ
ਇਕ ਸੜਦਾ ਬਲਦਾ ਜੰਗਲ
ਜੋ ਅਸਾਂ ਨਹੀਂ ਸਾਡੇ ਹਾਕਮਾਂ ਨੇ ਬਾਲਿਆ
ਅਪਣੀ ਅੱਗ ਦਾ ਸੇਕ
ਅਪਣਾ ਚਾਨਣ ਸਰਮਾਇਆ ਹੈ
ਅੱਖੀਆਂ ਵਿਚ ਅਜੇ ਦਹਿਕਦਾ ਹੈ ਉਹ ਚੁਰਾਹਾ
ਨੰਗੀ ਮਾਤ-ਗੁਫ਼ਾ ਵਿਚ ਦਾਖ਼ਲ ਦੁਨਾਲੀ
ਗੜ੍ਹਕਦਾ ਬਾਰੂਦ ਪਰਨਾਲਾ
ਉਛਲੇ ਹੋਏ ਬੱਚੇ ਨੂੰ ਜੁਪਦੀ ਸੰਗੀਨ
ਸੜਦੇ ਮਕਾਨ ਵਿਚ ਚੀਖ਼ਦੀ ਪੁਕਾਰ :
ਹੁਣ ਮੈਨੂੰ ਨਾ ਬਚਾਉਣਾ ਮੇਰੇ ਪਿਆਰ
ਹੁਣ ਤਾਂ ਮੈਂ ਔਰਤ ਵੀ ਨਹੀਂ ਰਹੀ
ਪਿੰਡੇ ਦੀ ਕਿਹੜੀ ਥਾਂ ਲਜਿਆ
ਕਿਹੜੀ ਨਿਰਲਜਿਆ
ਫ਼ਰਕ ਮਿਟ ਚੁਕੇ ਨੇ
ਕੁਝ ਵੀ ਕਜਿਆ ਨਹੀਂ ਰਿਹਾ