ਅਸੀਂ ਓਸ ਮਕਾਨ ਦੇ ਰਹਿਣ ਵਾਲੇ

ਅਸੀਂ ਓਸ ਮਕਾਨ ਦੇ ਰਹਿਣ ਵਾਲੇ,

ਜਿਥੇ ਜ਼ੋਰ ਦਿਨ ਰਾਤ ਹੈ ਜਾਲਿਆਂ ਦਾ ।

ਹੱਕਦਾਰ ਨੂੰ ਹੱਕ ਨਾ, ਮਿਲਣ ਧੱਕੇ,

ਕੰਮ ਕਾਜ ਹੁੰਦਾ ਸਾਕਾਂ ਸਾਲਿਆਂ ਦਾ ।

ਖ਼ਤਰਾ ਲੁੱਟ ਦਾ ਦੇਸ 'ਚ ਹਰ ਵੇਲੇ,

ਸਨਅਤਕਾਰ ਵੱਡਾ ਏਥੇ ਤਾਲਿਆਂ ਦਾ ।

ਝੁੱਗੇ ਢਾਹਵੰਦੇ ਮਾੜੀਆਂ ਵਸਤੀਆਂ ਦੇ,

ਰੁਖ ਬਦਲ ਦਰਿਆ ਤੇ ਨਾਲਿਆਂ ਦਾ ।

ਦੁੱਧ ਪੀਣੇ ਵੀ ਏਥੇ ਡੰਗ ਮਾਰਨ,

ਕੀ ਲਾਭ ਹੈ ਸੱਪਾਂ ਨੂੰ ਪਾਲਿਆਂ ਦਾ ।

ਵਾੜ ਖੇਤ ਦੀ ਖੇਤ ਨੂੰ ਖਾਣ ਲੱਗੀ,

ਕਾਲਾ ਮੂੰਹ ਹੈ ਇਹਨਾਂ ਰਖਵਾਲਿਆਂ ਦਾ ।

📝 ਸੋਧ ਲਈ ਭੇਜੋ