ਅਸੀਂ ਤਾਂ ਚਿੜੀਆਂ

ਅਸੀਂ ਤਾਂ ਚਿੜੀਆਂ

ਪਰ ਕੱਟੀਆਂ

ਮੁੱਦਤਾਂ ਤੋਂ ਪਾਈਆਂ ਪਿੰਜਰੇ

ਵੇ ਤੂੰ ਸਾਨੂੰ ਕਾਹਨੂੰ ਮਾਰੇਂ ਜਿੰਦਰੇ

ਸਾਡਾ ਵੀ ਸੀ ਇਕ ਚੰਬਾ

ਸਖ਼ੀਆਂ ਦਾ ਝੁਰਮਟ

ਖੇਡਦਾ ਸੀ ਚੰਨ ਤਾਰਿਆਂ ਨਾਲ

ਜਾਂ ਓਹਦੇ ਲਾਰਿਆਂ ਦੇ ਨਾਲ

ਉਡਣਾ ਚਾਹਿਆ

ਉਡ ਨਾ ਸਕੀਆਂ

ਰਾਹ ਨਾ ਲੱਭੇ

ਸਾਹ ਸਨ ਅੱਧੇ

ਰੀਝਾਂ ਸਨ

ਕਿੱਲੀਆਂ ਤੇ ਟੰਗੀਆਂ ਰਹਿ ਗਈਆਂ

ਹਿੱਕਾਂ ਵਿਚ ਲੁਕੇ ਚਾਅ

ਗੁੱਡੀਆਂ ਪਟੋਲਿਆਂ ਨਾਲ ਖੇਡਦੇ ਰਹਿ ਗਏ

ਵਿਹੜੇ ਦੇ ਫ਼ਰਸ਼ 'ਤੇ

ਕੁਝ ਗੀਟਿਆਂ ਦੇ ਨਿਸ਼ਾਨ ਰਹਿ ਗਏ

ਕੁਝ ਪੋਟਿਆਂ ਦੀਆਂ ਬੋਲੀਆਂ

ਖ਼ਬਰੇ ਕਿਉਂ ਚੰਬਿਆਂ ਨੂੰ ਝਿੜਕਾਂ

ਰੱਖਦਾ ਵੀਰ ਵੱਡਾ ਕਿਉਂ ਬਿੜਕਾਂ

ਅੰਮੜੀ ਦੇ ਹੱਥੋਂ ਮਿਲੀਆਂ ਪੂਣ ਸਲਾਈਆਂ

ਦਸੂਤੀ 'ਤੇ ਕੱਢਣ ਲਈ ਰੰਗ ਬਿਰੰਗੇ ਧਾਗੇ

ਤੇ ਚਿੜੀਆਂ ਮੋਰਾਂ ਲਈ ਰੰਗ

ਓਦੋਂ ਅਜੇ

ਅਸੀਂ ਏਨਾ ਹੀ ਜਾਣਦੀਆਂ ਸਾਂ ਕਿ

ਚੰਨ ਪ੍ਰਾਹੁਣੇ ਹੁੰਦੇ

ਚਾਨਣੀਆਂ ਵਿਚ ਬਹਿੰਦੇ ਲਹਿੰਦੇ

ਛੁਹਾਂ ਨਾਲ ਕੁਝ ਕਹਿੰਦੇ

ਆਂਢ ਗੁਆਂਢ 'ਚ ਕਈ ਚਿੜੀਆਂ ਆਈਆਂ

ਸੂਹੇ ਚੂੜੇ ਪਾ ਕੇ

ਟਿੱਕੇ ਲਾ ਕੇ

ਓਸ ਰੁੱਤੇ ਸਾਡੀਆਂ ਹਥੇਲੀਆਂ ਨੇ ਵੀ

ਮਹਿੰਦੀ ਦਾ ਲਿਆ ਸੁਫ਼ਨਾ ਡਰ ਡਰ ਕੇ

ਅੰਗਾਂ ਨੇ ਵਟਣਾ ਮੰਗਿਆ

ਸੰਗ ਸੰਗ ਅੰਦਰ ਵੜ ਕੇ

ਓਦੋਂ ਅਸਾਂ ਕੁਝ ਚਾਅ ਉਡਾਏ

ਤਾੜ ਤਾੜ ਕੇ ਪਿੰਜਰੇ

ਬੂਹੀਂ ਜਿੰਦਰੇ

ਨਿੱਕੀਆਂ ਨਿੱਕੀਆਂ ਬਾਹੀਂ ਟਹਿਣੀ

ਕੋਂਪਲ ਡੋਡੀਆਂ ਭਰੀਆਂ

ਸੁੱਕੀਆਂ ਰੀਝਾਂ ਚੰਨ ਵੱਲ ਝਾਕਣ ਲਈ

ਹੋ ਗਈਆਂ ਕੁਝ ਕੁਝ ਹਰੀਆਂ

ਸੂਰਜ ਰਿਸ਼ਮੀਂ ਫੁੱਲ ਕਈ ਖਿੜ੍ਹ ਪਏ

ਸਿਖ਼ਰ ਦੁਪਹਿਰਾਂ ਡਰੀਆਂ

ਅੱਖਾਂ ਨੂੰ ਦੇਖਣਾ ਆ ਗਿਆ

ਰੁੱਖ ਮੁੜ ਮੁੜ ਦੇਖਣ ਲੱਗੇ

ਇਹੋ ਜੇਹੀ ਨਜ਼ਰ ਅਵੱਲੀ

ਰਾਤਾਂ ਨੂੰ ਅੱਗ ਸੇਕਣ ਲੱਗੇ

ਵੰਗਾਂ ਛਣਕਣ ਲੱਗੀਆਂ

ਦਿਨਾਂ ਨੂੰ ਰੜਕਣ ਲੱਗੀਆਂ

ਰਾਤਾਂ 'ਚ ਭਟਕਣ ਲੱਗੀਆਂ

ਤਾਰਿਆਂ ਖੌਰੂ ਸੁਣਿਆ

ਸੂਰਜ ਜਗਣੋਂ ਭੁੱਲਣ ਲੱਗੇ

ਚਾਦਰਾਂ ਉੱਤੇ ਕੱਢੇ ਸੁਫ਼ਨੇ

ਦਿਨੇ ਦੁਪਹਿਰੇ ਡੁੱਲ੍ਹਣ ਲੱਗੇ

ਖ਼ਬਰੇ ਪਰ ਕਿੱਧਰੋਂ ਆਏ

ਅੱਖਾਂ ਨੂੰ ਭੁੱਲੀਆਂ ਪਛਾਣਾਂ

ਨਜ਼ਰਾਂ 'ਤੋਂ ਮਸਾਂ ਲਕੋਈਆਂ

ਅੰਗਾਂ 'ਤੇ ਆਈਆਂ ਉਡਾਣਾਂ

ਅਸਾਂ ਤਾਂ ਚਿੜੀਆਂ ਵੇ

ਡਾਰਾਂ ਨਾਲੋਂ ਟੁੱਟੀਆਂ

ਅੱਖਾਂ ਨਾ ਸਾਨੂੰ ਦੇਖਣ ਦੇਵਣ

ਲਾਹ ਚਾਵਾਂ ਨਾਲੋਂ ਸੁੱਟੀਆਂ

📝 ਸੋਧ ਲਈ ਭੇਜੋ