ਅਸੀਂ ਹਾਂ ਇਸ ਦੇ ਇਹ ਹੈ ਸਾਡਾ
ਸਾਰਾ ਹਿੰਦੁਸਤਾਨ
ਪਿਆਰਾ ਹਿੰਦੁਸਤਾਨ।
ਜਾਨ ਅਸਾਡੀ
ਸ਼ਾਨ ਅਸਾਡੀ
ਇਹ ਸਾਡਾ ਈਮਾਨ
ਪਿਆਰਾ ਹਿੰਦੁਸਤਾਨ।
ਉੱਚੇ ਟੀਚੇ ਪੱਕੇ ਦਾਈਏ
ਰਾਹ ਰੁਸ਼ਨਾਉਂਦੇ ਵੱਧਦੇ ਜਾਈਏ
ਘਰ ਘਰ ਇਹ ਪੈਗ਼ਾਮ ਪੁਚਾਈਏ
ਕਾਲਾ ਧੰਦਾ ਧੋਖਾ ਕਰਦੇ ਨਹੀਂ ਰਹਿਣੇ ਧਨਵਾਨ।
ਰਹੀ ਨਾ ਵਿਹਲੜ ਬਿਸਵੇਦਾਰੀ
ਮਿਹਨਤ ਸਿਰ ਆਈ ਸਰਦਾਰੀ
ਜਿੰਨੀ ਵਾਧੂ ਭੌਂ ਹੈ ਸਾਰੀ
ਇਸ ਦੇ ਮਾਲਕ ਆਪ ਹੋਣਗੇ ਹੁਣ ਕਿਰਤੀ ਕਿਰਸਾਨ।
ਜਿਹੜੇ ਕਰਦੇ ਨੇ ਮਜ਼ਦੂਰੀ
ਓਹੋ ਹੀ ਖਾਵਣਗੇ ਚੂਰੀ
ਨਾ ਵਗਾਰ ਤੇ ਨਾ ਮਜਬੂਰੀ
ਪਿੰਜਰਿਉਂ ਛੁੱਟੇ ਪੰਛੀਆਂ ਦਾ ਹੈ ਹੁਣ ਸਾਰਾ ਅਸਮਾਨ।
ਸੁੱਚੀ ਕਿਰਤ ਕਮਾਈ ਕਰੀਏ
ਸਿਰ ਤੇ ਧੁੱਪਾਂ ਪਾਲੇ ਜ਼ਰੀਏ
ਦੇਸ਼ ਦੇ ਅੰਨ-ਭੜੋਲੇ ਭਰੀਏ
ਲੋਕਾਂ ਦੇ ਦਰਬਾਰ 'ਚ ਹੋਣਾ ਮਿਹਨਤ ਦਾ ਸਨਮਾਨ।
ਪਿਆਰਾ ਹਿੰਦੁਸਤਾਨ
ਸਾਰਾ ਹਿੰਦੁਸਤਾਨ।