ਅਸੀਂ ਉਹ ਫ਼ੁੱਲ ਹਾਂ,
ਜੋ ਵਿੱਚ ਤੁਫ਼ਾਨਾਂ ਖਿੜਦੇ ਰਹਿੰਦੇ ਨੇ ।
ਅਸੀਂ ਉਹਨਾਂ ਚੋਂ ਨਹੀ,
ਮਗਰ ਮਗਰ ਜਿਹੜੇ ਫਿਰਦੇ ਰਹਿੰਦੇ ਨੇ ।
ਅਸੀਂ ਮਿੱਟੀ ਤੋਂ ਪੈਦਾ ਹੋਏ ।
ਮਿੱਟੀ ਨਾਲ ਜੁੜ ਕੇ ਰਹਿੰਦੇ ਹਾਂ ।
ਮਿੱਟੀ ਵਿੱਚ ਮਿਲ ਜਾਣਾ ।
ਇਸ ਸੱਚ ਤੋਂ ਜਾਣੂ ਰਹਿੰਦੇ ਹਾਂ ।
ਪਰ ਅਸੀਂ ਉਹ ਫ਼ੁੱਲ ਹਾਂ ।
ਜੋ ਵਿੱਚ ਤੂਫ਼ਾਨਾਂ ਖਿੜਦੇ ਰਹਿੰਦੇ ਹਾਂ ।
ਕੰਢਿਆਂ ਦੇ ਨਾਲ ਯਾਰੀ ਲਾਈ ।
ਜਿੰਨ੍ਹਾਂ ਸਾਡੇ ਨਾਲ ਨਿਭਾਈ ।
ਮਿੱਠਾ ਲੂਣਾ ਖਾਣਾ ਸਿੱਖੇ ।
ਪਰ ਕਦੇ ਮੱਥੇ ਵਟ ਨਹੀ ਪਾਈ ।
ਕੰਡੇ ਚਾਹੇ ਨਿੱਤ ਸਾਡੇ ਨਾਲ, ਭਿੜਦੇ ਰਹਿੰਦੇ ਨੇ ।
ਪਰ ਅਸੀਂ ਉਹ ਫ਼ੁੱਲ ਹਾਂ ।
ਜੋ ਵਿੱਚ ਤੂਫਾਨਾਂ ਖਿੜਦੇ ਰਹਿੰਦੇ ਨੇ ।
ਅਸੀਂ ਗਿੱਠ ਦੇ ਮਾਲਕ ਨਹੀ ।
ਸੁਗੰਧੀਆਂ ਵੰਡਣ ਆਏ ਹਾਂ ।
ਬਹੁਤੀ ਚਾਦਰ ਨਹੀ ਪਸਾਰੀ ।
ਧਰਤੀ ਨਾਲ ਜੁੜਕੇ ਰਹਿੰਦੇ ਹਾਂ ।
ਚਿੱਕੜ ਦੇ ਵਿੱਚ ਉੱਗ ਜਾਂਦੇ ।
ਜਿੰਨ੍ਹਾਂ ਚਿਰ ਮਾਲੀ ਨਾ ਤੋੜੇ ।
ਚਿੱਕੜ ਦੇ ਗੇੜੇ ਗਿੜਦੇ ਰਹਿੰਦੇ ਹਾਂ ।
ਪਰ ਅਸੀਂ ਉਹ ਫ਼ੁੱਲ ਹਾਂ ।
ਜੋ ਵਿੱਚ ਤੂਫ਼ਾਨਾਂ ਖਿੜਦੇ ਰਹਿੰਦੇ ਹਾਂ ।