ਅਸੀਂ ਤਨ ’ਤੇ ਹੰਢਾਏ

ਅਸੀਂ ਤਨ ’ਤੇ ਹੰਢਾਏ

 ਜੋ ਤਜਰਬੇ ਕਹਾਏ।

 ਸੌ ਸਾਲ ਦਾ ਤਜਰਬਾ

 ਕਹਾਵਤ ਕਹੀ ਜਾਵੇ।

 ਲੋਕੀਂ ਜਾਣਨ ਕੀ ਪੀੜਾ

 ਕਿੰਨੀ ਪਿੰਡੇ ਨੂੰ ਦੁਖਾਵੇ।

 ਓਦੋਂ ਝੱਲਣੀ ਹੀ ਪੈਂਦੀ

 ਜਦੋਂ ਸਿਰ ’ਤੇ ਪੈ ਜਾਵੇ।

 ਇਹ ਸੁਣ ਕੇ ਸਰਬ ਨੂੰ

 ਸਕੂਨ ਜਿਹਾ ਆਵੇ।

 ਜਦੋਂ ਲੋਕ ਲੱਗੇ ਕਹਿਣ

 ਸਿਆਣੇ ਬੋਲ ਅਜ਼ਮਾਏ।

 ਹੱਸ-ਹੱਸ ਮੁਸਕਰਾਵਾਂ

 ਕਿੰਨੇ ਔਖੇ ਸਮੇਂ ਆਏ।

 ਦੁੱਖ ਤਨ ਨੇ ਹੰਢਾਏ

 ਤੇ ਸਿਆਣੇ ਅਖਵਾਏੇ।

 ਕੌਣ ਚਾਹੁੰਦਾ ਬਣੇ ਸਿਆਣਾ

 ਸਾਥੀ ਸਾਥ ਜਿਹਦਾ ਦੇਵੇ।

 ਅੱਧਟੁੱਟਿਆ ਵੀ ਚਾਹਵੇ

 ਪੀਆ ਮਿਲ਼ੇ ਮੁਸਕਰਾਵੇ।

 ਨਾ ਬਣਨ ਕਹਾਵਤਾਂ

 ਨਾਮ ਉਹਦਾ ਲੈ ਕੇ

 ਜੱਗ ਸੱਥਾਂ ’ਤੇ ਬਹਿਕੇ

 ਉਹਦੇ ਦੁੱਖਾਂ ਨੂੰ ਨਾ ਗਾਵੇ।

 ਸਰਬ ਕਵਿੱਤਰੀ ਨਾ ਬਣਦੀ

 ’ਕੱਲੀ ਦੁੱਖ ਜੇ ਨਾ ਸਹਿੰਦੀ।

 ਪਰਖ ਆਪਣਿਆਂ ਨਾ ਹੁੰਦੀ।

 ਜੇ ਵੱਸ ਦੁੱਖਾਂ ਦੇ ਨਾ ਪੈਂਦੀ।

 ਪਰਖ ਸਭਨਾਂ ਜਦ ਲਿਆ

 ਤਾਂ ਹੀ ਇੱਕੋ ਗੱਲ ਦੁਹਰਾਵੇ।

 ਕਿ ਏਕੋ ਨਾਮ ਨਿਰੰਜਣ ਉਸਦਾ

 ਜਿਹੜਾ ਤੱਤੀ ਹਵਾ ਨਾ ਲਾਵੇ।

📝 ਸੋਧ ਲਈ ਭੇਜੋ