ਉਹ ਸ਼ੇਰੇ ਪੰਜਾਬ ਦੀ ਪੋਤੀ

ਸ਼ੇਰਾਂ ਵਰਗਾ ਹੀ ਦਸਤੂਰ

ਨਾਰੀ ਗ਼ੈਰਤ ਦੀ ਰਖਵਾਲੀ

ਹੋਈ ਆਲਮ ਵਿੱਚ ਮਸ਼ਹੂਰ

ਦਲੀਪ ਸਿੰਘ ਸ਼ਹਿਜ਼ਾਦੇ ਦੀ ਤੇ

ਮਾਂ ਬਾਂਬਾ ਦੀ ਲਾਡ-ਦੁਲਾਰੀ

ਲੰਡਨ ਦੇ ਵਿੱਚ ਪੈਦਾ ਹੋਈ

ਨਾਰੀਆਂ ਦੀ ਅਵਾਜ਼ ਇਹ ਨਾਰੀ

ਡੁੱਬਿਆ ਸੂਰਜ ਸੀ ਜਦ ਓੜਕ

ਦੇਸ ਪੰਜਾਬ ਦੇ ਰਾਜ ਦਾ

ਜਲਾਵਤਨ ਸ਼ਹਿਜ਼ਾਦਾ ਕੀਤਾ

ਖੁੱਲ੍ਹਿਆ  ਦਰ ਅਜ਼ਾਬ ਦਾ

ਮਾਂ ਪੁੱਤਰ ਦਾ ਪਿਆ ਵਿਛੋੜਾ

ਜਿੰਦਾਂ ਦੀ ਜਿੰਦ ਸੂਲ਼ੀ  ਟੰਗੀ

ਪੁੱਤਰ ਖੋਹ ਕੇ ਲੰਡਨ ਲੈ ਗਏ

ਕੈਸੀ ਚੱਲੀ ਚਾਲ ਫ਼ਰੰਗੀ

ਕਿੰਨਾ ਕੁਝ ਸੀ ਖੋਹ ਲਿਆ

ਜਿਗਰ ਦੇ ਟੁਕੜੇ ਨਾਲ਼

ਤਲਵਾਰ ਢਾਲ਼ ਦਸਤਾਰ ਖੋਹ ਲਈ

ਧਰਮ ਖੋਹ ਲਿਆ ਚੱਲ ਕੇ ਚਾਲ

ਚਾਨਣ ਦਾ ਪਹਾੜ ਖੋਹ ਲਿਆ

ਹੀਰਾ ਕੋਹਿਨੂਰ

ਜੇਤੂ ਰਾਜੇ ਸਦਾ ਹੀ ਚਾਲਾਂ

ਚੱਲਦੇ ਆਏ ਕੂੜ ਕਰੂਰ

ਕੋਹਿਨੂਰ ਤਾਂ ਇੱਕ ਪੱਥਰ ਸੀ

ਜੋ ਪੰਜਾਬ ਤੋਂ ਹੋ ਗਿਆ ਦੂਰ

ਪਰ ਇੱਕ ਮਿਲ਼ੀ ਸੀ ਦਾਤ ਅਦੁੱਤੀ

ਸੋਫ਼ੀਆ ਅਸਲੀ ਕੋਹਿਨੂਰ

ਉਸ 'ਹੱਵਾ' ਦੀ ਬੇਟੀ ਬਣਕੇ

ਆਦਮ ਪੁੱਤਰਾਂ ਨੂੰ ਸਮਝਾਇਆ

ਜਿਸ ਨਾਰੀ ਨੇ ਕੁੱਖੋਂ ਜੰਮਿਆ

ਉਸਦਾ ਹੀ ਹੱਕ ਕਿਉਂ ਮਰਵਾਇਆ

ਮਰਦ ਹੀ ਕਿਓਂ ਸਿੰਘਾਸਣ ਉੱਤੇ

ਸਦਾ ਹੀ ਬੈਠਣ ਦੇ ਹੱਕਦਾਰ

ਕਿਓਂ ਕੋਈ ਔਰਤ ਹੋ ਨਹੀਂ ਸਕਦੀ

ਮਰਦਾਂ ਦੀ ਆਹਲਾ ਸਰਦਾਰ

ਸਾਰੇ ਹਾਹਾਕਾਰ ਮੱਚ ਗਈ

ਆਲਮ ਵਿੱਚ ਦੁਹਾਈ

ਇਹ ਅਣਹੋਣੀ ਗੱਲ ਭਲਾ ਕਿਓਂ

ਨਾਰੀ ਦੇ ਮਨ ਆਈ

ਨਾਰੀ ਤਾਂ ਇੱਕ ਤਨ ਹੁੰਦੀ ਹੈ

ਮਨ ਕਿੱਥੋਂ ਲੈ ਆਈ

ਜੇ ਨਾਰੀ ਵੀ ਮਨ ਲੈ ਆਈ

ਕਿਧਰੇ ਆ ਨਾ ਜਾਏ ਤਬਾਹੀ

ਰਾਤ ਨੂੰ ਔਰਤ ਪੂਰੀ ਹੁੰਦੀ

ਦਿਨ ਵਿੱਚ ਹੋਵੇ ਅਧੂਰੀ

ਜਿਸਨੇ ਜੰਮਿਆ ਉਸਨੂੰ ਭੰਡਦੇ

ਮਰਦਾਂ ਦੀ ਮਗਰੂਰੀ

ਉਹ ਝਾਂਸੀ ਦੀ ਰਾਣੀ ਦੂਜੀ

ਨਾਰੀ ਸੀ ਅਜ਼ਾਦੀ ਦੀ

ਪੰਜ ਆਬਾਂ ਦੀ ਜਾਈ ਸੀ ਉਹ

ਕੋਹਿਨੂਰ - ਸ਼ਹਿਜ਼ਾਦੀ ਸੀ

📝 ਸੋਧ ਲਈ ਭੇਜੋ