ਦਗੜ ਦਗੜ ਦੌੜਦਾ ਸਰਪਟ ਸੁਰਖ ਘੋੜਾ
'ਚਾਨਕ ਸਫੇਦ ਯਖ ਬਰਫ਼ ਬਣ ਖਲੋ ਗਿਆ
ਝੂਲਦਾ ਹੀ ਰਹਿ ਗਿਆ ਹਵਾ ਵਿਚ ਇਕ ਪੌੜ
ਉਪਰ ਸਵਾਰ, ਹਥ ਖਿੱਚੀ ਲਗਾਮ
ਸੂਤੀ ਹੋਈ ਚਾਬਕ
ਤੇ ਕੱਸੀ ਹੋਈ ਦੇਹ
ਜੋ ਕੋਈ ਜਿੱਥੇ
ਓਥੇ ਬਰਫ਼ਮਾਨ ਹੋ ਗਿਆ
ਆਬਸ਼ਾਰ ਉੱਲਰੀ ਦੀ ਉੱਲਰੀ ਹੀ ਰਹਿ ਗਈ
ਆਸੇ ਪਾਸੇ ਦਿਉਦਾਰ
ਭੋਇੰ ਵਿਚ ਗੱਡੀ ਸੂਰਬੀਰਾਂ ਦੀ ਕਤਾਰ
ਹਵਾ ਨੇ ਤੋੜੇ ਸੀ ਜਿਹੜੇ ਪੀਲੇ ਪੱਤੇ
ਉਂਗਲਾਂ ਦੇ ਵਿਰਲ ਵਿਚ ਓਵੇਂ ਹੀ ਟਿਕੇ ਨੇ
ਨੰਗੇ ਨਿਪੱਤੇ ਟਾਹਣਾਂ ਦੇ ਜੰਗਲ ਵਿਚ
ਨਿੱਕੀ ਜੇਹੀ ਚਿੜੀ ਲੁਕੀ ਚੁਹਰ ਚੁਹਰ ਕਰਦੀ ਹੈ
“ਤਿਆਰ ਬਰ ਤਿਆਰ ਹੋਸ਼ਿਆਰ,
ਬਰਫ਼ ਦਾ ਜੂੜ ਸਦਾ ਸਦਾ ਨਹੀਂ ਰਹਿਣਾ
ਘੋੜਾ ਅਸਪੰਜਲ ਦਗੜ ਦਗੜ ਫੇਰ ਦੌੜੇਗਾ
ਅੱਧਵਿਚਕਾਰ ਆਬਸ਼ਾਰ ਕਦੋਂ ਰੁਕਦੀ ਹੈ"