ਅਥਰੀਆਂ ਹੋਈਆਂ ਅੱਜ ਸਮੇਂ ਦੀਆਂ ਟੋਰਾਂ ਨੇ ।
ਉੱਚਾ ਵੇਖਣ ਵਾਲਿਉ ਹੇਠਾਂ ਗੋਰਾਂ ਨੇ ।
ਕਟਦੇ ਰਹੇ ਜਗਰਾਤਾ ਪਹਿਰਾ ਦਿੰਦੇ ਰਹੇ,
ਅੱਖ ਲੱਗੀ ਤੇ ਸੰਨ੍ਹਾਂ ਲਾਈਆਂ ਚੋਰਾਂ ਨੇ ।
ਪਾਣੀ ਦੀ ਥਾਂ ਰੱਤ ਪਿਆਈ ਜੀਹਨਾਂ ਨੂੰ,
ਛਾਂ ਉਨ੍ਹਾਂ ਰੁੱਖਾਂ ਦੀ ਮਾਨੀ ਹੋਰਾਂ ਨੇ ।
ਜਦ ਇਕਲਾਪੇ ਵਿੱਚ ਹਨ੍ਹੇਰਾ ਡੰਗਦਾ ਏ,
ਕੰਨੀ ਭਿਣਕਾਂ ਪਾਉਂਦੀਆਂ ਉਹਦੀਆਂ ਟੋਰਾਂ ਨੇ ।
ਅੱਜ ਵੇਲੇ ਦੀ ਹਿੱਕ ਤੇ ਅੱਖਰ ਲਿਖ 'ਰਾਹਤ',
ਨਹੀਂ ਤੇ ਕੱਲ ਨੂੰ ਯਾਦ ਨਹੀਂ ਕਰਨਾਂ ਹੋਰਾਂ ਨੇ ।