ਅੱਥਰੂ ਕਜਲੇ ਦੀ ਥਾਂ ਮੱਲ ਗਏ, ਹਾਸਿਆਂ ਦੀ ਥਾਂ ਹਾਵਾਂ ।
ਹਰ ਕੋਈ ਆਪਣੇ ਦੁਖੜੇ ਰੋਂਦਾ, ਕਿਸ ਨੂੰ ਹਾਲ ਸੁਣਾਵਾਂ ।
ਖ਼ੁਦ-ਗ਼ਰਜ਼ੀ ਦੀ ਇਸ ਨਗਰੀ ਵਿਚ, ਗ਼ਰਜ਼ਾਂ ਜਾਲ ਵਿਛਾਏ,
ਇਸ ਦੁਨੀਆਂ ਦੇ ਧਨਵਾਨਾਂ ਤੋਂ, ਕਿੰਜ ਮੈਂ ਜਾਨ ਬਚਾਵਾਂ ।
ਯਾਦ ਆਉਂਦੀ ਉਹ ਰਾਤ ਹਨੇਰੀ, ਪੱਲੇ ਪਏ ਵਿਛੋੜੇ,
ਭੁੱਲੇ ਭੈਂਣ ਭਰਾ ਜਿਸ ਵੇਲੇ, ਬੱਚੜੇ ਵਿਸਰੀਆਂ ਮਾਵਾਂ ।
ਹਰ ਕੋਈ ਏਥੇ ਸੁਖ ਦਾ ਸਾਂਝੀ, ਦੁੱਖ ਦੇ ਸਾਂਝੀ ਵਿਰਲੇ,
ਏਸੇ ਲਈ ਤੇ ਸੱਜਣਾਂ ਕੋਲੋਂ, ਦਿਲ ਦੇ ਜ਼ਖ਼ਮ ਲੁਕਾਵਾਂ ।
ਮਜਬੂਰੀ ਨੇ ਸੰਗਲ ਪਾਏ, ਤਾਹੀਉਂ ਸਭ ਦੁਖ ਜਰਦਾਂ,
ਛੱਡ ਕੇ ਧਰਤੀ ਮਾਂ ਨੂੰ 'ਕੈਫ਼ੀ', ਕਿਹੜੇ ਦਰ ਤੇ ਜਾਵਾਂ ।