ਜ਼ੰਜੀਰਾਂ ਤਾਂ ਚਿਰ ਤੋਂ ਲਹਿ ਚੁੱਕੀਆਂ ਨੇ 

ਅਜੇ ਵੀ ਅੰਗਾਂ ਉੱਤੇ ਅੱਟਣ 

ਤੇ ਜ਼ੰਜੀਰਾਂ ਦਾ ਜੰਗ ਬਾਕੀ 

ਅਜੇ ਸਰਾਪ ਨਾ ਪੂਰਾ ਟੁੱਟਾ 

ਅਜੇ ਸੁਰਖ਼ਰੂ ਹੋਇਆ 

ਸੁਪਨਾ ਟਾਵਾਂ ਟਾਵਾਂ

ਅਜੇ ਵੀ ਭੁੱਖੇ ਚਿਹਰਿਆਂ ਉੱਤੇ

ਗ਼ਮ ਦੀ ਮੈਲੀ ਧੂੜ ਪਈ ਹੈ 

ਅਜੇ ਪਿਆ ਹੈ

ਲੋਚਾਂ ਤੇ ਸੋਚਾਂ ਵਿਚਕਾਰ

ਇਕ ਸੰਕੋਚ ਜਿਹਾ ਪ੍ਰਛਾਵਾਂ 

ਅਜੇ ਤਾਂ ਆਪੋ ਵਿਚ ਰੁੱਠੇ ਨੇ 

ਕਰਤਵ ਅਤੇ ਵਿਚਾਰ

ਧੁਰ ਅੰਦਰ ਦੀ ਸੂਖ਼ਮ ਇੱਛਾ

ਕਰਨੀ ਵਾਲੇ ਹੱਥਾਂ ਤੋਂ ਵਰ ਲੈ ਨਹੀਂ ਸੱਕੀ 

ਅਜੇ ਤਾਂ ਤਕਰੀਰਾਂ ਦੀ ਆਪੋ-ਧਾਪ ਮਚੀ ਹੈ

ਆਦਰਸ਼ਾਂ ਦੀਆਂ ਧੂੜਾਂ ਉੱਡਣ

ਨਿੰਮੋਝੂਣੀਂ

ਹੈ ਤਦਬੀਰ ਭਟਕਦੀ ਫਿਰਦੀ

ਏਸ ਭੀੜ ਵਿਚ ਹੱਕੀ ਬੱਕੀ।

ਸੱਚੇ ਸੁੱਚੇ ਕਥਨ ਅਸਾਡੇ

ਨਾਜ਼ਕ ਡਾਹਢੇ

ਕਰਮਾਂ ਵਾਲੇ ਔਖੇ ਰਾਹ ਤੋਂ ਝਿਜਕ ਰਹੇ ਨੇ

ਅਜੇ ਨਾ ਸਸਤਾਵਣ ਦਾ ਵੇਲਾ

ਜ਼ੰਜੀਰਾ ਤਾਂ ਭਾਵੇਂ ਚਿਰ ਤੋਂ ਲਹਿ ਚੁੱਕੀਆਂ ਨੇ

ਅਜੇ ਵੀ ਅੰਗਾਂ ਉੱਤੇ ਅੱਟਣ

ਤੇ ਜ਼ੰਜੀਰਾਂ ਦਾ ਜੰਗ ਬਾਕੀ।

📝 ਸੋਧ ਲਈ ਭੇਜੋ