ਅੱਥਰੂਆ ਵੇ ਸੁੱਕੀਂ ਨਾ

ਅੱਥਰੂਆ ਵੇ ਸੁੱਕੀਂ ਨਾ।

 ਵਿੱਚ ਮੋਹ ਦੇ ਬੁੱਕੀਂ ਨਾ।

 ਪਈ ਮੁਸੀਬਤ ਵਗੀਂ ਨਾ।

 ਖ਼ੁਸ਼ੀ ਆਈ ਭਾਵੇਂ ਲੁਕੀਂ ਨਾ।

 ਵਗ ਪਿਆ, ਥਲ ਡਿਗ ਪਿਆ।

 ਖਾਲ਼ਾਂ ਦੇ ਵਿੱਚ ਵਗੇਂਗਾ।

 ਸੂਇਆਂ-ਟੋਭਿਆਂ ਹੁੰਦਾ ਹੋਇਆ।

 ਨਹਿਰਾਂ ਵਿੱਚ ਜਾ ਵੜੇਂਗਾ।

 ਦਰਿਆਵਾਂ ਦੀਆਂ ਛੱਲਾਂ ਝੱਲ।

 ਨਾਲ਼ ਸਮੁੰਦਰ ਰਲ਼ੇਂਗਾ।

 ਚੰਗਾ-ਭਲਾ ਪਵਿੱਤਰ ਪਾਣੀ।

 ਉਸ ਮਿਲ਼ ਖਾਰਾ ਕਰੇਂਗਾ।

 ਸੁੱਕ ਗਿਆ ਤੇ ਲੂਣ ਬਣੇਂਗਾ।

 ਫਿਰ ਢੇਰੀ ਪਾ ਵਿਕੇਂਗਾ।

 ਮੈਨੂੰ ਜੇ ਖ਼ਰੀਦਣਾ ਪੈ ਗਿਆ।

 ਕਿਲੋ ਦੇ ਭਾਅ ਮਿਲ਼ੇਂਗਾ।

 ਸ਼ਬਜੀ-ਭਾਜੀ ਤੈਨੂੰ ਪਾਊ।

 ਜਾਂ ਸਿਕੰਜਵੀ ਘੋਲ਼ ਬਣਾਊਂ।

 ਤੇਹ ਲੱਗੀ ਤੇ ਪੀਣਾ ਪੈਣਾ।

 ਫੇਰ ਸਰੀਰ ’ਚ ਜਾਵੇਂਗਾ।

 ਅੰਦਰ ਏਨਾ ਦਰਦ ਵੇਖ ਕੇ।

 ਫਿਰ ਅੱਖਾਂ ਵੱਲ ਆਵੇਂਗਾ।

 ਉਹਨਾਂ ਮਿਲ਼, ਛਲਕ ਪੈਣਾ ਤੂੰ

 ਫਿਰ ਹੰਝੂ ਬਣ ਜਾਵੇਂਗਾ।

 ਇਸ ਤੋਂ ਚੰਗਾ ਨੈਣੀ ਰਹਿ।

 ਵਗਣ-ਚੱਕਰ ਵਿੱਚ ਨਾ ਹੀ ਪੈ।

 ਜਿਸ ਕੁਦਰਤ ਦਾ ਹਿੱਸਾ ਹੈਂ।

 ਉਸ ਨੂੰ ਸਿਜਦਾ ਕਰਦਾ ਕਹਿ।

 ਜਾਵਾਂ ਡਾਢੇ ਤੋਂ ਬਲਿਹਾਰ।

 ਸਰਬ ਦੇ ਨੈਣੀਂ ਕਰ ਬਸੇਰਾ।

 ਜਪ ਲੈ ਸਤਿ ਕਰਤਾਰ।

📝 ਸੋਧ ਲਈ ਭੇਜੋ