ਛੱਡ ਕੇ ਜੱਗ-ਭੀੜਾਂ-ਸਨਮਾਨੇ ਰਾਹਾਂ ਨੂੰ,
ਤੂੰ ਜਿਸ ਔਝੜ ਪੈਂਡੇ ਕਦਮ ਵਧਾਇਆ ਹੈ
ਇਹ ਪੈਂਡਾ ਹੈ ਮੱਲਿਆ ਸੁੰਨ-ਮਸਾਣਾ ਨੇ
ਇਸ ਪੈਂਡੇ ਦਾ ਸਾਥੀ ਤੇਰਾ ਸਾਇਆ ਹੈ।
ਤੇਜ਼ ਹਵਾਵਾਂ ਤੋੜ ਕੇ ਤੇਰੇ ਹੋਠਾਂ ਤੋਂ
ਤੇਰੇ ਬੋਲ ਖਲਾਵਾਂ ਵਿਚ ਗਵੌਣੇ ਨੇ,
ਪੈੜ ਨਹੀਂ ਪਲ ਰਹਿਣੀ ਤਪਦੀਆਂ ਰੇਤਾਂ ਨੇ
ਪੈਰ ਉਠਦਿਆਂ ਸਾਰ ਨਿਸ਼ਾਨ ਮਿਟੌਣੇ ਨੇ।
ਧੁਦਲ ਉਡ ਕੇ ਆਉਣੀ ਹੈ ਜੱਗ-ਰਾਹਾਂ ਦੀ
ਇਸ ਧੁਦਲ ਨੇ ਤੇਰਾ ਮੂੰਹ ਸਿਰ ਭਰਨਾ ਹੈ
ਤੇਰੇ ਦਿਲ ਦੀ ਸਾਰ ਕਿਸੇ ਨੂੰ ਹੋਣੀ ਨਹੀਂ
ਤੂੰ ਇਕਲਾਪਾ ਆਪਣੇ ਹੱਡੀਂ ਜਰਨਾ ਹੈ।
ਇਸ ਪੈਂਡੇ ਜੇ ਕੋਈ ਸਬੱਬੀਂ ਮਿਲਿਆ ਵੀ
ਉਸ ਤੋਂ ਤੇਰੇ ਬੋਲ ਪਛਾਣੇ ਜਾਣੇ ਨਹੀਂ
ਆਪਣਾ ਹੀ ਮੂੰਹ ਤੱਕਣਾ ਚਾਹਿਆ ਸ਼ੀਸ਼ੇ ਵਿਚ
ਤੈਥੋਂ ਆਪਣੇ ਨਕਸ਼ੇ ਸਿਆਣੇ ਜਾਣੇ ਨਹੀਂ।