ਬ੍ਹੀਰੋ ਮੁੰਡਾ ਚਾਹੁੰਦੀ ਹੈ
ਅਣਜੰਮੀ ਧੀ ਦੀ ਕੁੱਖ਼ ਵਿੱਚ ਹੀ
ਕਬਰ ਬਣਾ ਦਿੰਦੀ ਹੈ
‘ਜਗੀਰੋ’ ਇੱਜ਼ਤ ਲਈ
ਆਪਣੀ ਧੀ ਕਤਲ ਕਰਵਾ ਦਿੰਦੀ ਹੈ।
ਸੰਤੋ ਦਾਜ ਲਈ ਨੂੰਹ ਨੂੰ ਜਲਾ ਦਿੰਦੀ ਹੈ
ਬੰਤੋ ਆਪਣੀ ਭਰ ਮੁਟਿਆਰ ਧੀ ਨੂੰ
ਬੁੱਢੇ ਨਾਲ ਵਿਆਹ ਦਿੰਦੀ ਹੈ
ਸੱਚਮੁਚ ਜਾਪਣ ਲੱਗਦਾ ਹੈ
ਔਰਤ ਹੀ ਔਰਤ ਦੀ ਦੁਸ਼ਮਣ ਹੈ।
ਪਰ ਜੋ ਜਾਹਰਾ ਦਿਸਦਾ ਹੈ ਉਹੀ ਸੱਚ ਨਹੀਂ ਹੁੰਦਾ
ਔਰਤ, ਔਰਤ ਦੀ ਦੁਸ਼ਮਣ ਨਹੀਂ
ਔਰਤਾਨਾ ਦੇਹਾਂ ਵਿੱਚ ਛਲੇਡਾ ਬਣਕੇ
ਦਾਖ਼ਲ ਹੋ ਚੁੱਕਾ ਪਿਤਾ-ਪੁਰਖ਼ੀ ਸੋਚ ਦਾ ਨਾਗ
ਔਰਤ ਦਾ ਦੁਸ਼ਮਣ ਹੈ।
ਨਾ ਔਰਤ
ਨਾ ਮਰਦ
ਔਰਤ ਦਾ ਦੁਸ਼ਮਣ ਹੈ …
ਜਿਵੇਂ ਚਲਾਕ ਕੋਇਲ ਆਪਣੇ ਆਂਡੇ
ਕਾਂ ਦੇ ਆਲ੍ਹਣੇ ਵਿੱਚ ਰੱਖ
ਬੱਚੇ ਪੈਦਾ ਕਰਵਾ ਲੈਂਦਦੀ ਹੈ
ਪਿਤਰਕੀ ਵੀ ਉਸ ਕੋਇਲ ਵਰਗੀ ਹੀ ਹੈ
ਸੱਤਾ ਬਹੁਤ ਚਾਤਰ ਸ਼ਾਤਰ ਹੁੰਦੀ ਹੈ
ਤੁਹਾਨੂੰ ਤੁਹਾਡੇ ਹੀ ਖਿਲਾਫ ਵਰਤਣ ਦੀ
ਜੁਗਤ ਜਾਣਦੀ ਹੈ
ਗੁੱਝੀ ਮਾਰ ਨਾਲ਼ ਵਾਰ ਕਰਦੀ ਹੈ।