ਰਾਤ ਹਨੇਰੀ ਬਦਲ ਗੜਕੇ।
ਕੜਕ ਕੜਕ ਕੜ ਬਿਜਲੀ ਕੜਕੇ।
ਡਾਢਾ ਸ਼ੋਰ ਹਵਾ ਨੇ ਪਾਇਆ,
ਖੜਖੜ ਖੜਖੜ ਬੂਹਾ ਖੜਕੇ।
ਸਹਿਮੀ ਜਹੀ ਇਕ ਨਾਰ ਹੈ ਬੈਠੀ,
ਹੱਥਾਂ ਵਿਚ ਕਲੇਜਾ ਫੜਕੇ।
ਤਨ ਤੰਦੂਰ ਚੋੰ ਸੇਕ ਨਿਕਲਦਾ,
ਅੰਦਰ ਦੀ ਅੱਗ ਜਦ ਵੀ ਭੜਕੇ।
ਅਪਣੇ ਆਪੇ ਤੋੰ ਡਰ ਜਾਵੇ,
ਦਿਲ ਦੀ ਕੋਠੀ ਜ਼ੋਰ ਦੀ ਧੜਕੇ।
ਕਿਸਨੇ ਬੂਹਾ ਆ ਖੜਕਾਇਆ,
ਸੁਬ੍ਹ ਸਵੇਰੇ ਤੜਕੇ ਤੜਕੇ।
ਕਈ ਸਾਲਾਂ ਤੋੰ ਘਰ ਨਹੀ ਮੁੜਿਆ,
ਪੁੱਤ ਗਿਆ ਸੀ ਮਾਂ ਨਾਲ ਲੜਕੇ।
ਮਰਦ ਤੁਰ ਗਿਆ ਦੇਸ ਪਰਾਏ,
ਕਿਧਰੇ ਦੂਰ ਜਹਾਜ਼ੇ ਚੜਕੇ।
ਨਾ ਮੁੜਿਆ ਨਾ ਸੁਪਨਾ ਆਇਆ,
ਵਕਤ ਲੰਘਾਵੇ ਅੰਦਰ ਵੜਕੇ।
ਕੱਲੀ ‘ਕਾਰੀ ਲੁਕ ਲੁਕ ਜੀਂਦੀ,
ਅੱਖ ਸ਼ਰੀਕਾਂ ਦੀ ਵਿਚ ਰੜਕੇ।
ਦਿਨ ਚੜ੍ਹਿਆ ਪਏ ਲੋਕੀ ਆਖਣ
ਮਰ ਗਈ ਆਪੇ ਘਰ ਵਿਚ ਸੜ ਕੇ।