ਇਹ ਤੁਹਾਡਾ ਭਰਮ ਹੈ
ਕਿ
ਤੁਸੀਂ ਕਾਲ਼ੀਆਂ ਕਰਤੂਤਾਂ
ਨੂੰ ਅੰਜ਼ਾਮ ਦੇ ਕੇ
ਇਹਨਾਂ ਦਾ ਖ਼ੁਰਾ-ਖੋਜ ਮਿਟਾ
ਬਰੀ ਹੋ ਜਾਵੋਗੇ
ਤੇ ਗਿੱਦੜਾਂ ਵਾਂਗ ਹਵਾਂਕਦੇ
ਪਾਲਤੂ ਮੀਡੀਏ ਰਾਹੀਂ
ਝੂਠ ਨੂੰ ਸੱਚ ਸਾਬਤ ਕਰ ਦੇਵੋਗੇ
ਅਸੀਂ ਕਲਮਕਾਰ
ਲੋਕਾਂ ਦੇ ਸੀ ਸੀ ਟੀ ਵੀ ਕੈਮਰੇ ਹਾਂ
ਸਭ ਕੁਝ ਰਿਕਾਰਡ ਕਰ ਲੈਂਦੇ ਹਾਂ
ਸਾਡੀਆਂ ਲਿਖਤਾਂ, ਨਜ਼ਮਾਂ
ਸਿਰਫ਼ ਕਾਗਜ਼ੀ ਨਹੀਂ ਹੁੰਦੀਆਂ
ਇਹ ਹਕੀਕੀ ਦਸਤਾਵੇਜ਼ ਵੀ ਹੁੰਦੀਆਂ ਹਨ
ਸਮਿਆਂ ਵੱਲੋਂ ਕੀਤੀਆਂ ਸਾਜ਼ਿਸ਼ਾਂ ਖਿਲਾਫ਼
ਅਸੀਂ
ਕੂੜ ਬਾਦਸ਼ਾਹਾਂ
ਬਾਬਰਾਂ ਜਾਬਰਾਂ ਦੇ ਲਸ਼ਕਰਾਂ ਨਾਲ਼
ਮਾਰਚ ਕਰਕੇ ਰੋਜ਼ਨਾਮਚੇ ਲਿਖਣ ਵਾਲ਼ੇ
ਤਲਬੀ ਕਾਤਿਬ ਨਹੀਂ
ਬਲਕਿ
ਅਵਾਮ ਨਾਲ਼ ਹੋਈਆਂ ਧੱਕੇਸ਼ਾਹੀਆਂ ਤਬਾਹੀਆਂ ਦੇ
ਲੇਖੇ ਲਿਖਣ ਵਾਲ਼ੇ
ਸੱਚੇ ਪਾਤਸ਼ਾਹਾਂ ਤੋਂ
'ਧਨੁ ਲੇਖਾਰੀ ਨਾਨਕਾ' ਦਾ
ਰੁਤਬਾ ਹਾਸਲ ਕਾਨੀਕਾਰ ਹਾਂ
ਸਗਲ ਖੰਡ ਬ੍ਰਹਿਮੰਡ ਦੇ ਮਹਾਂ ਲਿਖਾਰੀ
ਕੁਲ ਆਲਮ ਦੇ ਸਾਂਝੇ ਗੁਰੂ ਪੀਰ ਨਾਨਕ ਦੇ ਪੈਰੋਕਾਰ
ਅਸੀਂ
ਸੁਲਤਾਨਾਂ ਹੁਕਮਰਾਨਾਂ ਦੇ
ਕੁਰਸੀਨਾਮੇ
ਜੰਮਣ ਮਰਨ ਮਿਤੀਆਂ
ਜਾਂ ਹਾਰਾਂ ਜਿੱਤਾਂ ਦੇ ਬਿਆਨ ਬਖ਼ਿਆਨ ਨੂੰ
ਇਤਿਹਾਸ ਕਹਿਣ ਵਾਲ਼ੇ
ਵਿਸ਼ਵ-ਵਿਦਿਆਲੀਏ ਇਤਿਹਾਸਕਾਰ ਵੀ ਨਹੀਂ
ਅਸੀਂ ਤਾਂ ਲੋਕਾਂ ਦੇ ਪਿੰਡਿਆਂ 'ਤੇ ਉੱਕਰੀ
ਤੇ ਤਾਰੀਖ਼ ਦੀਆਂ ਪੁਸਤਕਾਂ ਵਿੱਚ ਅਣਗੌਲ਼ੇ ,ਅਣਲਿਖੇ
ਜਾਂ ਖਾਰਜ ਕਰ ਦਿੱਤੀ ਜਾਂਦੀ ਤਵਾਰੀਖ਼ ਦੇ ਲੇਖਾਰੀ ਹਾਂ
ਸਗਲ ਖੰਡ ਬ੍ਰਹਿਮੰਡ ਦੇ ਮਹਾਂ - ਲਿਖਾਰੀ ਨਾਨਕ ਤੋਂ
‘ਧੰਨ ਲੇਖਾਰੀ ਨਾਨਕਾ ‘ ਦਾ ਰੁਤਬਾ ਹਾਸਿਲ ਪੈਰੋਕਾਰ