ਅਵੱਗਿਆ ਕਦੇ ਰਾਮ ਪੈਦਾ ਨਹੀਂ ਕਰਦੀ
ਤੇ ਫਿਰ ਤੇਰੀ
ਨਗਨਤਾ ਸਹਿਜ ਹੈ ਜਾਂ ਅਸਹਿਜ
ਤੇਰੀ ਉਦਾਸੀ ਇਲਹਾਮ ਹੈ ਜਾਂ ਤਰਕ
ਇਸ ਸਭ ਦੇ ਕੀ ਅਰਥ?
ਯੁੱਧ ‘ਚ ਕੋਈ ਵੀ ਨਾਇਕ ਨਹੀਂ ਹੁੰਦਾ
ਤੇ ਨਾ ਹੀ ਅਨਾਇਕ
ਇਸ ਅੰਨੀ ਗਲੀ ‘ਚ ਲੜੇ ਜਾ ਰਹੇ ਯੁੱਧ ‘ਚੋਂ
ਇਨਾਂ ਤਾਰਿਆਂ ਦੀਆਂ ਭਟਕਦੀਆਂ ਪੈੜਾਂ ‘ਚੋਂ
ਕੁਝ ਨਹੀਂ ਮਿਲਣਾ
ਤੂੰ ਵਾਪਸ ਪਰਤ ਆ ਸਵਰਨਜੀਤ!
ਤੇਰੇ ਅਤੀਤ ਦੇ ਬਜ਼ੁਰਗ ਪਰਛਾਵੇਂ
ਤੈਨੂੰ ਅਜੇ ਵੀ ਹਸਰਤ ਭਰੀ ਨਜ਼ਰ ਨਾਲ ਦੇਖਦੇ ਨੇ…
ਸੜਕਾਂ…
ਨਦੀਆਂ…
ਖੰਡਰ… ਮਾਰੂਥਲ…ਦੁਨੀਆਂ
ਉਸ ਤੋਂ ਪਾਰ ਹਨੇਰੇ ਦਾ ਗੂੜਾ ਦੁਮੇਲ
ਤੇ ਪਿੱਛੇ ਸਰਾਪੀ ਅਹੱਲਿਆ ਦਾ ਬੁੱਛ…
ਆਖ਼ਿਰ ਤੂੰ
ਕਿਸ ਮੋਕਸ਼ ਦੀ ਤਲਾਸ਼ ‘ਚ ਹੈ?
ਪਰਤ ਜਾਹ! ਤੂੰ ਵਾਪਸ ਵਰਤ ਜਾਹ ਮੇਰੇ ਰਾਮ!
ਰਾਵਣ ਸਿਰਫ਼ ਤੇਰੇ ਅੱਗੇ ਹੀ ਨਹੀਂ ਹਨ
ਪਿੱਛੇ ਵੀ ਨੇ
ਉਨਾਂ ਪ੍ਰਛਾਵਿਆਂ ਨਾਲ ਚਿੰਬੜੇ
ਉਨਾਂ ਦੀਆਂ ਹਸਰਤਾਂ ਨੂੰ ਬਲਾਤਕਾਰਦੇ…
ਤੇਰੇ ਹੱਡਾਂ ‘ਚ ਬੇਸ਼ਕ ਅਜੇ ਗਰਮੀ ਹੈ
ਪਰ ਇੱਥੇ ਕੋਈ ਵੀ ਲੜਾਈ
ਕਦੇ ਫ਼ੈਸਲਾ-ਕੁਨ ਨਹੀਂ ਹੋਈ
ਹਰ ਰੋਜ਼ ਵੱਜਦਾ ਹੈ ਦਾਨਵੀ-ਨਾਦ
ਤੇ ਦਨਦਨਾਉਂਦਾ ਹੈ ਪ੍ਰਹਿਲਾਦੀ-ਬਾਪ
ਭਟਕਣ ਤੇ ਬੇਵਿਸਾਹੀ ਦਾ ਇਹ ਆਲਮ ਹੈ
ਕਿ ਅੱਗ ਲੱਗੇ ਸਮਿਆਂ ‘ਚ ਤੁਰਦੀ
ਕੀੜੀ ਨਜ਼ਰ ਹੀ ਨਹੀਂ ਆਉਂਦੀ
ਤੂੰ ਨਹੀਂ ਜਾਣਦਾ
ਉੱਥੇ ਬੂੰਦ ਬਣਕੇ ਡਿੱਗਣ ਦੇ ਅਰਥ
ਜਿੱਥੇ ਡਿੱਗਣ ਤੋਂ ਪਹਿਲਾਂ ਹੀ ਬੂੰਦ
ਗੁਆ ਬਹਿੰਦੀ ਹੈ ਆਪਣਾ ਵਜੂਦ
ਤੇ ਭੁੱਲ ਜਾਂਦੀ ਹੈ ਆਪਣੇ ਅਰਥ
ਤੇਰੇ ਵੀ ਅਰਥ ਗੁਆਚ ਗਏ ਨੇ
ਇਨਾਂ ਨੰਗੀਆਂ…ਕਾਲੀਆਂ ਤੇ ਬੇਵਜਹ ਲੰਬੀਆਂ ਸੜਕਾਂ ‘ਤੇ
ਚਲਦਿਆਂ
ਜਿਨਾਂ ‘ਤੇ ਚੱਲਣਾ
ਛਾਤੀ ਤੇ ਨੰਬਰ ਚਿਪਕਾਉਣ ਵਰਗਾ ਹੈ
ਜਿਨਾਂ ‘ਤੇ ਚੱਲਣਾ
ਔਸਤਨਤਾ ਤੋਂ ਵੱਧ ਅਰਥ ਨਹੀਂ ਰੱਖਦਾ
ਜਿਨਾਂ ‘ਤੇ ਚੱਲਣਾ
ਮਹਿਜ਼ ਗੁਆਚਣਾ ਹੈ
ਜਿਨਾਂ ‘ਤੇ ਚੱਲਣਾ
ਆਪਣੇ ਜਿਸਮ ਦੇ ਟੁਕੜੇ ਇਨਾਂ ਨੂੰ ਵੰਡਣਾ ਹੈ
ਪਰਤ ਆ…
ਤੂੰ ਵਾਪਸ ਪਰਤ ਆ ਮੇਰੇ ਸਿਧਾਰਥ!
ਕਿਨਾਰਿਆਂ ਲਈ ਭਟਕਣਾ ਵੀ ਕੋਈ ਜ਼ਿੰਦਗੀ ਹੈ
ਉਰਲੇ ਜਾਂ ਪਰਲੇ ਪਾਰ ਕੁਝ ਨਹੀਂ
ਇਨਾਂ ਲਹਿਰਾਂ ਵਿਚ ਰਹਿ
ਇਨਾਂ ਲਹਿਰਾਂ ਦਾ ਹੋ ਜਾਹ
ਇਨਾਂ ਲਹਿਰਾਂ ਵਿਚ ਖੋ ਜਾਹ
ਇਹੀ ਵਿਲੀਨਤਾ ਹੀ
ਮੋਕਸ਼ ਜਾਂ ਨਿਰਵਾਣ ਹੁੰਦਾ ਹੈ