ਨਾ ਹਿੰਦੁਸਤਾਨ ਦਾ ਹੁੰਦਾ, ਨਾ ਪਾਕਿਸਤਾਨ ਦਾ ਹੁੰਦਾ।
ਜੋ ਲੜ ਸਰਹੱਦ ਤੇ ਮਰਦੈ, ਪੁੱਤਰ ਅਵਾਮ ਦਾ ਹੁੰਦਾ।।
ਮਾਂ ਦੀ ਕੂਕ ਇਕੋ ਜਿਹੀ, ਭੈਣ ਦੀ ਹੂਕ ਇੱਕੋ ਜਿਹੀ।
ਚੂੜਾ ਵਾਹਾਂ ਵਿੱਚ ਉਡੀਕ, ਉਹ ਮਲੂਕ ਇੱਕੋ ਜਿਹੀ।।
ਪੇਟ ਦੀ ਭੁੱਖ ਬੇਰੁਜਗਾਰੀ, ਖਿੱਚ ਕੇ ਲੈ ਹੀ ਜਾਂਦੀ ਏ।
ਚੁਲੇ ਦੀ ਅੱਗ ਲਾਚਾਰੀ,ਹਾਂ ਖਿੱਚ ਕੇ ਲੈ ਹੀ ਜਾਂਦੀ ਏ।।
ਮਚਦੀ ਅੱਗ ਵਿੱਚ ਚਿਤ ਕਿਸੇ ਦਾ ਨਹੀਂ ਜਾਣ ਦਾ ਹੁੰਦਾ।
ਨਾ ਹਿੰਦੁਸਤਾਨ ਦਾ ਹੁੰਦਾ, ਨਾ ਪਾਕਿਸਤਾਨ ਦਾ ਹੁੰਦਾ।
ਜੋ ਲੜ ਸਰਹੱਦ ਤੇ ਮਰਦੈ, ਪੁੱਤਰ ਅਵਾਮ ਦਾ ਹੁੰਦਾ।।
ਚਿਹਰੇ ਇਧਰ ਉਦਾਸੇ ਨੇ, ਚਿਹਰੇ ਉਧਰ ਉਦਾਸੇ ਨੇ।
ਲੋਕ ਇੱਧਰ ਵੀ ਉਹੋ ਜੇ, ਜਿਹੋ ਜੇ ਔਸ ਪਾਸੇ ਨੇ।।
ਭੁੱਖ ਇੱਧਰ ਵੀ ਉਹੋ ਹੈ, ਭੁੱਖ ਉਧਰ ਵੀ ਇਹੋ ਹੈ।
ਚੁੱਪ ਇਧਰ ਵੀ ਉਹੋ ਹੈ, ਚੁੱਪ ਉੱਧਰ ਵੀ ਇਹੋ ਹੈ।।
ਰੋਟੀ ਲਈ ਫ਼ਿਕਰ ਇੱਕੋ ਜਾ, ਵਕ਼ਤ ਜਦ ਸ਼ਾਮ ਦਾ ਹੁੰਦਾ।
ਨਾ ਹਿੰਦੁਸਤਾਨ ਦਾ ਹੁੰਦਾ, ਨਾ ਪਾਕਿਸਤਾਨ ਦਾ ਹੁੰਦਾ।
ਜੋ ਲੜ ਸਰਹੱਦ ਤੇ ਮਰਦੈ, ਪੁੱਤਰ ਅਵਾਮ ਦਾ ਹੁੰਦਾ।।
ਇਹ ਸਰਕਾਰਾਂ ਦੇ ਮਸਲੇ, ਇਹ ਹਾਂ ਤਾਰਾਂ ਦੇ ਮਸਲੇ।
ਇਹ ਸਾਰੇ ਮੈਂ ਚੋਂ ਉਪਜੇ ਨੇ,ਰੱਖੇ ਹਥਿਆਰਾਂ ਦੇ ਮਸਲੇ।।
ਇਹ ਰੋਟੀ ਟੁੱਕ ਦੇ ਮਸਲੇ, ਉਜੜੀ ਹੋਈ ਕੁੱਖ ਦੇ ਮਸਲੇ।
ਉਨ੍ਹਾਂ ਲਈ ਰਾਜਨੀਤੀ, ਤੇਰੇ ਲਈ ਨੇ ਦੁੱਖ ਦੇ ਮਸਲੇ।।
ਕਿਸੇ ਤੇ ਟੈਗ ਹਿੰਦੂ ਦਾ ਕਿਸੇ ਤੇ ਮੁਸਲਮਾਨ ਦਾ ਹੁੰਦਾ।
ਨਾ ਹਿੰਦੁਸਤਾਨ ਦਾ ਹੁੰਦਾ, ਨਾ ਪਾਕਿਸਤਾਨ ਦਾ ਹੁੰਦਾ।
ਜੋ ਲੜ ਸਰਹੱਦ ਤੇ ਮਰਦੈ, ਪੁੱਤਰ ਅਵਾਮ ਦਾ ਹੁੰਦਾ।।
ਉਹ ਲਿਪਟੀ ਲਾਸ਼ ਜਦ ਆ ਜੇ ਸਲਾਮੀ ਲੋਕ ਦਿੰਦੇ ਨੇ।
ਅਮਰ ਜਵਾਨ ਕਹਿ ਕਹਿ ਕੇ ਰੋਣੋਂ ਵੀ ਰੋਕ ਦਿੰਦੇ ਨੇ।।
ਕੁੱਝ ਕੁ ਦਿਨ ਅਸਾਂ ਨੂੰ ਵੀ ਬੜੇ ਉਹ ਬੋਲ ਭਾਉਂਦੇ ਨੇ।
ਭੋਗ ਤੇ ਰਾਜਨੀਤੀ ਕਰਨ ਫਿਰ ਬਗਲੇ ਵੀ ਆਉਂਦੇ ਨੇ।।
ਸੀਨੇ ਮਾਵਾਂ ਦੇ ਪਥਰ, ਵਕਤ ਉਹ ਇਮਤਿਹਾਨ ਦਾ ਹੁੰਦਾ।
ਨਾ ਹਿੰਦੁਸਤਾਨ ਦਾ ਹੁੰਦਾ, ਨਾ ਪਾਕਿਸਤਾਨ ਦਾ ਹੁੰਦਾ।
ਜੋ ਲੜ ਸਰਹੱਦ ਤੇ ਮਰਦੈ, ਪੁੱਤਰ ਅਵਾਮ ਦਾ ਹੁੰਦਾ।।