ਇਹ ਪੈਰਾਂ ਦਾ ਚੱਕਰ
ਜਿਸ ਨੂੰ
ਕਿਸਮਤ ਵਾਲਾ ਚੱਕਰ ਆਪਾਂ
ਆਵਾਗੌਣ ਬਣਾਈ ਫਿਰਦੇ
ਅੰਗ ਸਹੇਲੇ
ਹੋਏ ਹਵਾ ਦੇ
ਰਾਹ ਦੀਆਂ ਧੂੜਾਂ
ਸੰਗ
ਹਵਾਸ ਉਡਾਈ ਫਿਰਦੇ
ਹਰ ਪਲ
ਹਰ ਥਾਂ
ਕਿਸ ਬੇਨਾਮ ਤਲਬ ਦੀ
ਤਲਖ਼ੀ
ਦਿਲ ਨੂੰ ਰਹਿੰਦੀ
ਕੀ ਖੋਹ ਬੈਠੇ
ਹਰ ਦਮ
ਕਾਹਦੀ ਖੋਹ ਹੈ ਪੈਂਦੀ
ਕਹੀ ਹਿਰਾਸੀ
ਹਸਰਤ ਦੀ ਹਾਂ
ਦਿਨੇ ਮਸ਼ਾਲ ਜਗਾਈ ਫਿਰਦੇ
ਪੈਰਾਂ ਹੇਠ
ਵਿਛੇ ਅੰਗਿਆਰੇ
ਜਿਸਮ ਦਿਆਂ ਅੰਗਾਂ ਵਿਚ ਮਘਦੇ
ਰੰਗ ਬਰੰਗੇ ਫ਼ਿਕਰਾਂ ਦੇ ਚੰਗਿਆੜੇ
ਵਾ ਲਗਦੀ ਹੈ
ਜਿਉਂ ਜਿਉਂ ਭਜਦੇ
ਹੋਰ ਵਧੇਰੇ ਮਚਦੇ
ਇਹ ਦੁੱਖਾਂ ਦੀ ਆਤਸ਼ਬਾਜੀ
ਜੋ ਮਿੱਟੀ ਵਿਚ
ਅੱਗ ਦੀ ਰਾਸ ਰਚਾਈ ਫਿਰਦੇ
ਕਿਸ ਚੰਦਰੇ ਪਲ
ਤ੍ਰਿਸ਼ਨਾਵਾਂ ਦੇ ਛਲ ਵਿਚ ਆ ਕੇ
ਸੀ ਸੰਤੋਖ ਦੀ ਸਰਦਲ ਟੱਪੀ
ਤੁਰਦੇ ਫਿਰਦੇ
ਮਿਲ ਗਿਲ ਕੇ ਵੀ
ਕੀ ਮਿਲਦਾ ਹੈ
ਸਗੋਂ ਤਲਬ ਦੀ ਤਲਖ਼ੀ ਹੋਰ ਵਧਾ ਲੈਂਦੇ ਹਾਂ
ਇਸ ਭਟਕਣ ਦਾ ਓੜਕ ਹੈ ਨਾ
ਅੱਗ ਨਾ ਰੱਜਾਈ ਬਾਲਣ ਖਾ ਕੇ
ਜਾਣ ਲਿਆ ਹੈ
ਕਦੀ ਛਲੇਡੇ ਫੜ ਨਹੀਂ ਹੁੰਦੇ
ਹਾਰੇ ਟੁੱਟੇ
ਹਰ ਅਨਜਾਣੇ ਰਾਹੀਂ ਕੋਲੋਂ
ਆਪਣੇ ਘਰ ਦਾ ਰਾਹ ਪੁੱਛਦੇ ਹਾਂ
ਆਪਣਾ ਆਪ ਉਕਾਈ ਫਿਰਦੇ
ਇਸ ਗੇੜੇ ਵਿਚ
ਗਿੜਦੇ ਗਿੜਦੇ
ਚੰਨ ਵਾਂਗੂੰ ਹੈ
ਨਿੱਤ ਅਕਾਰ ਬਦਲਦਾ ਰਹਿੰਦਾ
ਭਰ ਜੋਬਨ ਵਿਚ
ਕਦੀ ਕਦੀ ਹੈ
ਯਾਦਾਂ ਦਾ ਪ੍ਰਛਾਵਾਂ ਪੈਂਦਾ
ਕਿਸੇ ਗ੍ਰਹਿ ਦੇ ਮਾਰੇ
ਫੇਰ ਗ੍ਰਹਿਣ ਜਾਂਦੇ
ਜੀਕਣ ਸਿਰ ‘ਤੇ
ਕੋਈ ਸਰਾਪ ਉਠਾਈ ਫਿਰਦੇ
ਕਿਉਂ ਨਾ ਸੱਜਣਾ
ਕਿਸੇ ਯਕੀਨ ਬਿਰਛ ਦੀ ਛਾਵੇਂ
ਬਹਿ ਕੇ ਸੁਰਤ ਇਕਾਗਰ ਕਰੀਏ
ਮੰਨਿਆਂ
ਔਖਾ ਮਿਲਣਾ ਭਾਵੇਂ
ਬੁਧ ਵਾਲਾ ਮੁਕਤੀ ਦਾ ਮਾਰਗ
ਹੋ ਸਕਦਾ ਹੈ
ਕੁਝ ਘਟ ਜਾਵੇ
ਇਹ ਜਿੰਦੜੀ ਨੂੰ
ਜੋ ਬੇਰਾਮ ਜਹੀ ਬੇਚੈਨੀ ਲਾਈ ਫਿਰਦੇ
ਇਹ ਪੈਰਾਂ ਦਾ ਚੱਕਰ
ਜਿਸ ਨੂੰ
ਕਿਸਮਤ ਵਾਲਾ ਚੱਕਰ ਆਪਾਂ
ਆਵਾਗੌਣ ਬਣਾਈ ਫਿਰਦੇ।