ਆਇਆ ਨਾ ਕੋਈ ਤੁਰ ਗਿਆ

ਆਇਆ ਨਾ ਕੋਈ ਤੁਰ ਗਿਆ, ਫਿਰ ਵੀ ਉਦਾਸ ਹਾਂ। 

ਹੋਇਆ ਨਾ ਕੋਈ ਹਾਦਸਾ, ਫਿਰ ਵੀ ਉਦਾਸ ਹਾਂ।

ਖ਼ਬਰੇ ਕਿਵੇਂ ਨੇ ਜੀਅ ਰਹੇ, ਬਿਨ ਆਸਰੇ ਇਹ ਲੋਕ, 

ਮੈਨੂੰ ਗ਼ਮਾਂ ਦਾ ਆਸਰਾ, ਫਿਰ ਵੀ ਉਦਾਸ ਹਾਂ । 

ਵਸਲਾਂ ਦੀਆਂ ਧੁੱਪਾਂ 'ਚ ਹੀ ਖੁਸ਼ ਹੋ ਰਹੇ ਨੇ ਲੋਕ, 

ਬਿਰਹਾ ਦੀ ਛਾਵੇਂ ਮੈਂ ਖੜਾ, ਫਿਰ ਵੀ ਉਦਾਸ ਹਾਂ।

ਕਿਧਰੇ ਵੀ ਮੇਰੇ ਇਸ਼ਕ ਦਾ ਚਰਚਾ ਨਹੀਂ ਹਜ਼ੂਰ,

ਰੁੱਸਵਾ ਨਹੀਂ ਹੈ ਨਾਂ ਮਿਰਾ, ਫਿਰ ਵੀ ਉਦਾਸ ਹਾਂ ।

ਕੱਲਾ ਨਹੀਂ ਮੈਂ ਸ਼ੌਕ ਦੇ ਰਾਹਾਂ 'ਚ ਰੁਲ ਰਿਹਾ,

ਹੈ ਨਾਲ ਮੇਰੇ ਕਾਫ਼ਲਾ, ਫਿਰ ਵੀ ਉਦਾਸ ਹਾਂ। 

ਹਰਸੂ ਖਿੜੇ ਬੀਤੇ ਦੀਆਂ ਯਾਦਾਂ ਦੇ ਬਾਗ਼ ਦੇਖ, 

ਮਹਿਕੀ ਪਈ ਸਾਰੀ ਫਿਜ਼ਾ, ਫਿਰ ਵੀ ਉਦਾਸ ਹਾਂ।

ਸੁਣੋ ਕੀ ਮੰਗਿਆ ਹੈ ਜ਼ਿਹਨ ਦੇ ਬੀਮਾਰ ਦੋਖੀ ਨੇ, 

ਕਿ ਖ਼ੁਸ਼ਬੂ ਨਾਲ ਪੌਣਾਂ ਦਾ ਨਾ ਕੋਈ ਵਾਸਤਾ ਹੋਵੇ ।

ਕਹਾਣੀ ਜਾਣਨੀ ਜੇ ਤਾਂ ਖਾਮੋਸ਼ੀ ਵੀ ਸੁਣੋ  ਮੇਰੀ,

ਨਿਰੇ ਸ਼ਬਦਾਂ ਤੋਂ ਦਰਦਾਂ ਦੀ ਕਹਾਣੀ ਨਾ ਸੁਣਾ ਹੋਵੇ। 

ਘੜੀ ਐਸੀ 'ਚ ਆਪਣੇ ਆਪ ਤੋਂ ਡਰਦਾ ਹਾਂ ਮੈਂ 'ਕੇਸ਼ੀ', 

ਹਵਾ ਜਦ ਚੀਖ਼ਦੀ ਹੋਵੇ ਤੇ ਮੌਸਮ ਸਿਸਕਦਾ ਹੋਵੇ ।

📝 ਸੋਧ ਲਈ ਭੇਜੋ