ਆਏ ਨੇ ਵੇਖ ਲੈ ਕੇ

ਆਏ ਨੇ ਵੇਖ ਲੈ ਕੇ

ਪੌਣਾਂ ਦੇ ਝੁੰਡ ਸੁਨੇਹੇ। 

ਤੂੰ ਕੋਲ ਮੇਰੇ ਹੁੰਦਾ, 

ਇਹ ਵੀ ਸੀ ਮੇਰੇ ਹੋਣੇ।। 

ਹੁਣ ਤਾਂ ਗੁੱਜਰ ਰਹੀ ਏ, 

ਕੀ ਰੁਤਾਂ ਕੀ ਬਹਾਰਾਂ।

ਦਿਲਵਰ ਦਿਲਾਂ ਦੇ ਦੱਸ ਤਾਂ, 

ਯਾਦਾਂ ਚੋਂ ਕਿੰਝ ਵਿਸਾਰਾਂ।। 

ਰਾਹਾਂ ਨੇ ਅੱਜ ਵੀ ਰਾਹਾਂ, 

ਬਦਲੇ ਨੇ ਪਰ ਮੁਸਾਫ਼ਿਰ। 

ਉਸ ਨਜ਼ਰ  ਜੋ ਰਦ ਕੀਤੇ, 

ਖੁਦ ਨੂੰ ਸਦਾਈਏ ਕਾਫਿਰ।। 

ਉਸ ਦੇ ਹਾਲਾਤ ਸਮਝੇ, 

ਮੁੱਕ ਜਾਂਦੀਆਂ ਵਿਚਾਰਾਂ।

ਦਿਲਵਰ ਦਿਲਾਂ ਦੇ ਦੱਸ ਤਾਂ, 

ਯਾਦਾਂ ਚੋਂ ਕਿੰਝ ਵਿਸਾਰਾਂ।। 

ਜੰਮੀ ਏ ਧੂੜ ਇਹ ਵੀ, 

ਚੁੱਪ ਚਾਪ ਕਹਿੰਦੀਆਂ ਨੇ। 

ਕੋਈ ਨਾਲ ਹੋਵੇ ਜਾਂ ਨਾ, 

ਇਹ ਨਾਲ ਰਹਿੰਦੀਆ ਨੇ।।

ਇਹ ਚੰਦ ਕੁ ਕਿਤਾਬਾਂ, 

ਦਿਲ ਤੋਂ ਮੈਂ ਫਿਰ ਵਿਚਾਰਾਂ। 

ਦਿਲਵਰ ਦਿਲਾਂ ਦੇ ਦੱਸ ਤਾਂ 

ਯਾਦਾਂ ਚੋਂ ਕਿੰਝ ਵਿਸਾਰਾਂ।। 

ਮਿਲਣੀ ਨਹੀਂ ਏ ਧਰਤੀ, 

ਸੂਰਜ ਦੀ ਭਟਕਣਾ ਹੈ।

ਇਹ ਸਫਰ ਮੁਕ ਸਕਦੈ, 

ਇਹ ਵੀ ਤੇ ਕਲਪਨਾ ਹੈ।। 

ਫਿਰ ਵੀ ਪਤਾ ਨਹੀਂ ਕਾਹਤੋਂ 

ਆਸਾਂ ਦੇ ਖੰਭ ਖਿਲਾਰਾਂ। 

ਦਿਲਵਰ ਦਿਲਾਂ ਦੇ ਦੱਸ ਤਾਂ, 

ਯਾਦਾਂ ਚੋਂ ਕਿੰਝ ਵਿਸਾਰਾਂ।। 

📝 ਸੋਧ ਲਈ ਭੇਜੋ