ਆਈ ਹੈ ਔੜ ਬਾਦ

ਆਈ ਹੈ ਔੜ ਬਾਦ ਉਹ ਬਰਸਾਤ ਕਿ ਤੌਬਾ। 

ਸੂਰਜ-ਬ-ਨਾਮ ਰਾਤ ਹੈ ਇਹ ਰਾਤ ਕਿ ਤੌਬਾ।

ਜੀਣਾ ਤਾਂ ਬਹਰ ਹਾਲ ਹੈ ਮਰਨਾ ਵੀ ਬਹਰਹਾਲ, 

ਉਫ਼! ਜ਼ਿੰਦਗੀ ਤੇ ਮੌਤ ਦੇ ਹਾਲਾਤ ਕਿ ਤੌਬਾ।

ਤਾਰੇ ਇਹ ਸਿਆਹ ਰਾਤ ਦੇ ਲਸ਼ਕਰ ਦੇ ਸਿਪਾਹੀ, 

ਬੈਠੇ ਨੇ ਕਮੀਗਾਹ ਵਿਚ ਇਹ ਘਾਤ ਕਿ ਤੌਬਾ।

ਦੂਲਹਾ ਹੈ ਕਿਤੇ ਹੋਰ ਤੇ ਦੁਲਹਨ ਹੈ ਕਿਤੇ ਹੋਰ, 

ਦੂਲਹਾ ਕਿਤੇ ਦੁਲਹਨ ਕਿਤੇ ਬਾਰਾਤ ਕਿ ਤੌਬਾ।

ਰਾਤਾਂ ਕਿ ਆਬਨੂਸ ਹੈ ਇਹ ਦਿਨ ਕਿ ਜਾਫ਼ਰਾਨ, 

ਬੇ ਵਕਤ ਬੇ ਲਿਹਾਜ਼ ਇਹ ਖ਼ੈਰਾਤ ਕਿ ਤੌਬਾ।

ਇਹ ਕੌਣ ਯਾਦ ਆ ਗਿਆ ਅਹਸਾਨ ਫਰਾਮੋਸ਼, 

ਅਹਸਾਨ ਫਰਾਮੋਸ਼ ਦੀ ਇਹ ਜ਼ਾਤ ਕਿ ਤੌਬਾ।

ਸੂਰਜ ਦੀ ਕਸ਼ਿਸ਼ ਨਾਲ ਹੈ ਧਰਤੀ ਇਹ ਚੰਦਰਮਾ, 

ਇਹ ਨੂਰ ਹੈ ਕਿ ਨਾਰ ਹੈ ਇਹ ਦਾਤ ਕਿ ਤੌਬਾ।

📝 ਸੋਧ ਲਈ ਭੇਜੋ