ਆਈ ਹੈ ਬਸੰਤ, ਫੁੱਲ ਫੁੱਲ ਮਹਿਕਾਇਆ ਹੈ,
ਮੌਸਮ ਖੁਸ਼ਬੂਆਂ ਤੇ ਰੰਗਾਂ ਵਾਲਾ ਆਇਆ ਹੈ।
ਹੱਡ ਕੜਕਾਉਂਦੀ ਠੰਡ, ਦੇ ਗਈ ਵਿਦਾਈ ਹੈ
ਭੌਰਿਆਂ ਨੇ ਫੁੱਲਾਂ ਉੱਤੇ ਫੇਰਾ ਅੱਜ ਪਾਇਆ ਹੈ ।
ਸਰਸੋਂ ਦੇ ਪੀਲੇ ਫੁੱਲ, ਮਸਤ ਮਹਿਖ਼ਾਨੇ ਨੇ
ਸ਼ਰਬਤਾਂ ਦੇ ਭਰੇ, ਪੀਲੇ ਪੀਲੇ ਪੈਮਾਨੇ ਨੇ
ਨਿੱਘੀ ਨਿੱਘੀ ਹਵਾ, ਅੰਗ ਅੰਗ ਸਹਿਲਾਇਆ ਹੈ
ਆਈ ਹੈ ਬਸੰਤ, ਫੁੱਲ ਫੁੱਲ ਮਹਿਕਾਇਆ ਹੈ ।
ਪਤਝੜ ਗਈ, ਪੱਤਾ ਪੱਤਾ ਸਰਸ਼ਾਰ ਹੈ
ਕੂਲੀਆਂ ਨੇ ਸ਼ਾਖਾਂ, ਬੂਟੇ ਬੂਟੇ ’ਤੇ ਨਿਖ਼ਾਰ ਹੈ
ਵੇਲਾ ਸਜਰੀ ਸਵੇਰ ਵਾਲਾ ਰੁਸ਼ਨਾਇਆ ਹੈ
ਆਈ ਹੈ ਬਸੰਤ, ਫੁੱਲ ਫੁੱਲ ਮਹਿਕਾਇਆ ਹੈ।
ਸਰਸਵਤੀ ਦੇਵੀ ਵੰਡੇ ਗਿਆਨ ਤੇ ਕਿਤਾਬਾਂ ਨੂੰ
ਸੁਰ ਸੰਗੀਤ ਤਾਲ, ਵੀਣਾਂ ਤੇ ਰਬਾਬਾਂ ਨੂੰ
ਪੂਜਾ ਪਾਠ ਵਾਲਾ ਅੱਜ ਪਾਠ ਵੀ ਪੜ੍ਹਾਇਆ ਹੈ
ਆਈ ਹੈ ਬਸੰਤ, ਫੁੱਲ ਫੁੱਲ ਮਹਿਕਾਇਆ ਹੈ ।
ਰਾਜਿਆ ਦਾ ਰਾਜਾ ਹੈ, ਮੌਸਮ ਬਹਾਰਾਂ ਦਾ
ਡਿੱਗੇ ਢੱਠੇ ਚਿਹਰਿਆਂ ਤੇ ਆਉਂਦੇ ਸ਼ਿੰਗਾਰਾਂ ਦਾ
ਬੱਚਾ, ਬੁੱਢਾ, ਗਭਰੂ ਹਰੇਕ ਨਸ਼ਿਆਇਆ ਹੈ
ਆਈ ਹੈ ਬਸੰਤ, ਫੁੱਲ ਫੁੱਲ ਮਹਿਕਾਇਆ ਹੈ ।
ਯਾਦ ਆਵੇ ਅੱਜ ਭਗਤ ਸਿੰਘ ਸਰਦਾਰ ਦੀ
ਚੋਲਾ ਪਾ ਬਸੰਤੀ ਜਿਨ੍ਹੇ, ਚੁੰਮ ਲਈ ਤਾਰ ਸੀ
ਦੇਸ਼ ਕੌਮ ਲਈ ਜਿਨ੍ਹੇ ਮਰਨਾ ਸਿਖਾਇਆ ਹੈ
ਆਈ ਹੈ ਬਸੰਤ, ਫੁੱਲ ਫੁੱਲ ਮਹਿਕਾਇਆ ਹੈ ।
ਹਕੀਕਤ ਰਾਏ ਬਲੀ ਸ਼ਹੀਦੀਆਂ ਸੀ ਪਾ ਗਿਆ
ਜਿੰਦ ਜਾਨ ਦੇਸ਼ ਕੌਮ ਲੇਖੇ ਸੀ ਲਾ ਗਿਆ
ਹਕੀਕੀ ਸੱਚ ਨੂੰ ਜਿਸ ਅੱਜ ਸਮਝਾਇਆ ਹੈ
ਆਈ ਹੈ ਬਸੰਤ, ਫੁੱਲ ਫੁੱਲ ਮਹਿਕਾਇਆ ਹੈ।
ਲਾਲ, ਨੀਲੇ, ਪੀਲੇ ਗੁੱਡੇ ਭਰਨ ਉਡਾਰੀਆਂ
ਪੱਗਾਂ ਨੇ ਬਸੰਤੀ ਵੇਖ, ਝੂਮਣ ਸਰਦਾਰੀਆਂ
ਪੀਲੇ ਪੀਲੇ ਫੁੱਲਾਂ ਘਰ ਘਰ ਮਹਿਕਾਇਆ ਹੈ
ਆਈ ਹੈ ਬਸੰਤ, ਫੁੱਲ ਫੁੱਲ ਮਹਿਕਾਇਆ ਹੈ।
‘ਉੱਪਲ’ ਰੰਗ ਮਾਣੀਏ ਬਸੰਤੀ ਭਾਈਚਾਰੇ ਦੇ
ਮੰਦਿਰਾਂ, ਮਸਜਿਦਾਂ ਤੇ ਗੁਰੂਦਵਾਰੇ ਦੇ
ਏਕਤਾ ਦਾ ਗੀਤ ਅਸਾਂ ਰਲਮਿਲ ਗਾਇਆ ਹੈ
ਆਈ ਹੈ ਬਸੰਤ, ਫੁੱਲ ਫੁੱਲ ਮਹਿਕਾਇਆ ਹੈ।