ਆਈ ਮੱਸਿਆ ਦੀ ਰਾਤ

(4 ਜਨਵਰੀ, 1961)

ਅੱਜ ਆਈ ਮੱਸਿਆ ਦੀ ਰਾਤ, ਹੋ ਮੇਰੇ ਢੋਲਣਾ,

ਦੁੱਖ ਦਿਲ ਵਾਲਾ ਅਸਾਂ ਕੀ ਫੋਲਣਾ।

1. 

ਲੋਕੀਂ ਕਹਿੰਦੇ ਕਾਲੀਆਂ ਰਾਤਾਂ।

ਕੌਣ ਬੁੱਝੇ ਤੇਰੇ ਦਿਲ ਦੀਆਂ ਬਾਤਾਂ।

ਦਿਲ ਦਾ ਮਹਿਰਮ ਨਹੀਂ ਸੀ ਜੇ ਬਣਨਾ,

ਕਿਉਂ ਭੇਦ ਦਿਲੇ ਦਾ ਖੋਲ੍ਹਣਾ।

ਅੱਜ ਆਈ ਮੱਸਿਆ ਦੀ ਰਾਤ ਹੋ ਮੇਰੇ ਢੋਲਣਾ,

ਦੁੱਖ ਦਿਲ ਵਾਲਾ ਅਸਾਂ ਕੀ ਫੋਲਣਾਂ।

2. 

ਦਿਲ ਵਿਹੜਾ ਸਮਸ਼ਾਨ ਬਣਾ ਕੇ,

ਰੀਝਾਂ ਨੂੰ ਮੈਂ ਲਾਇਆ ਲੰਬੂ।

ਆਸਾਂ ਸਮੇਂ ਕਬਰ 'ਚ ਦੱਬੀਆਂ।

ਹੁਣ ਕੀ ਦਰਦਾਂ ਨੇ ਬੋਲਣਾ।

ਅੱਜ ਆਈ ਮੱਸਿਆ ਦੀ ਰਾਤ, ਹੋ ਮੇਰੇ ਢੋਲਣਾ,

ਦੁੱਖ ਦਿਲ ਵਾਲਾ ਅਸਾਂ ਕੀ ਫੋਲਣਾ।

3. 

ਲੱਖਾਂ ਆਹਾਂ ਬਣ ਬਣ ਬੱਦਲ,

ਲਾਈਆਂ ਦਿਲ ਅੰਬਰਾਂ ਤੇ ਝੜੀਆਂ।

ਉਮਰਾ ਮੇਰੀ ਰੁੜ੍ਹਦੀ ਜਾਵੇ,

ਹੁਣ ਰਿਹਾ ਜਿੰਦੜੀ ਦਾ ਰੋਲਣਾ।

ਅੱਜ ਆਈ ਮੱਸਿਆ ਦੀ ਰਾਤ, ਹੋ ਮੇਰੇ ਢੋਲਣਾ,

ਦੁੱਖ ਦਿਲ ਵਾਲਾ ਅਸਾਂ ਕੀ ਫੋਲਣਾ।

📝 ਸੋਧ ਲਈ ਭੇਜੋ