ਬਾਗ਼ਾਂ ਨਾਲ ਬਹਾਰਾਂ ਲੜੀਆਂ ਹੋਈਆਂ ਨੇ ।
ਸ਼ਾਖ਼ਾਂ ਨਾਲੋਂ ਕਲੀਆਂ ਝੜੀਆਂ ਹੋਈਆਂ ਨੇ ।
ਜਿਹੜੇ ਦਿਨ ਦਾ ਯਾਰ ਨਹੀਂ ਦਿਸਦਾ ਅੱਖਾਂ ਨੂੰ ।
ਸਦੀਆਂ ਵਾਂਗੂੰ ਸਾਨੂੰ ਘੜੀਆਂ ਹੋਈਆਂ ਨੇ ।
ਤੂੰ ਵੀ ਸੱਜਣਾਂ ਘੂਰੀ ਪਾ ਲਈ ਮੱਥੇ ਤੇ,
ਸਾਡੇ ਨਾਲ ਤੇ ਅੱਗੇ ਬੜੀਆ ਹੋਈਆਂ ਨੇ ।
ਮੀਂਹ ਬਰਸਾਦੇ ਹੁਣ ਤੇ ਰੱਬਾ ਰਹਿਮਤ ਦਾ,
ਕੰਧਾਂ ਵਾਂਗ ਤੰਦੂਰਾਂ ਸੜੀਆਂ ਹੋਈਆਂ ਨੇ ।
'ਸ਼ਾਕਿਰ' ਆ ਕੇ ਵੇਖ ਤੇ ਸਹੀ ਤੂੰ ਬੇਦਰਦਾ,
ਅੱਖਾਂ ਨਾਲ ਦਹਿਲੀਜ਼ਾਂ ਜੜੀਆਂ ਹੋਈਆਂ ਨੇ ।