ਬਾਜ਼ੀ ਅੱਜ ਤੂੰ ਖੇਡੀਂ ਕਿਸੇ ਦੁਆ ਦੇ ਨਾਲ ।
ਮਾਤ ਦਿਆਂਗਾ ਤੈਨੂੰ ਕਿਸੇ ਪਿਆਦੇ ਨਾਲ ।
ਤੈਨੂੰ ਸਾਡੇ ਭੇਤ ਭਲਾਂ ਕਿਸ ਦੱਸਣੇ ਨੇ,
ਸਾਡੀਆਂ ਸਭ ਸੁਰਾਂ ਨੇ ਅੱਜ ਹਵਾ ਦੇ ਨਾਲ ।
ਇਕ-ਇਕ ਸਾਹ ਨੂੰ ਦਾਅ ਤੇ ਲਾਣਾ ਪੈਂਦਾ ਏ,
ਵਕਤ ਬਦਲ ਨਹੀਂ ਜਾਂਦਾ ਸਿਰਫ਼ ਦੁਆ ਦੇ ਨਾਲ ।
ਦੇਖ ਲਿਆ ਮੈਂ ਅੱਖੀਂ ਰੂਪ ਕਿਆਮਤ ਦਾ,
ਲੰਘਿਆ ਜਦ ਉਹ ਕੋਲੋਂ ਏਸ ਅਦਾ ਦੇ ਨਾਲ ।
ਜੀ ਨਹੀਂ ਸਕਨਾਂ ਕਦੇ ਅਨਾ ਜੇ ਟੁੱਟੀ 'ਤੇ,
ਰਹਿ ਸਕਨਾਂ ਵਾਂ ਜ਼ਿੰਦਾ ਸਿਰਫ਼ ਅਨਾ ਦੇ ਨਾਲ ।
ਜਾਨਣੇ ਆਂ ਜਦ ਆਪ ਆਪਣੀ ਕਰਤੂਤ 'ਸਲੀਮ'
ਸ਼ਿਕਵਾ ਕਾਹਨੂੰ ਕਰੀਏ ਫੇਰ ਖ਼ੁਦਾ ਦੇ ਨਾਲ ।