ਦੂਰ ਦੁਰਾੜੇ ਪਿੰਡ ਦਾ ਇੱਕ ਬੰਦਾ ਸੁਣਿਆ 

ਮਕਰ ਫਰੇਬ ਦਾ ਓਸਨੇ ਐਸਾ ਫੰਦਾ ਬੁਣਿਆ

ਗਿਆਨ ਹੋ ਗਿਆ ਰੱਬ ਦਾ ਸਭ ਨੂੰ ਸਮਝਾਵੇ

ਬਾਬਾ ਬਣ ਕੇ ਬਹਿ ਗਿਆ ਖਲਕਤ ਬਹੁਤੀ ਆਵੇ

ਧਾਗੇ ਤਵੀਤਾਂ ਨਾਲ ਹੀ ਉਸ ਕੰਮ ਚਲਾਇਆ 

ਨਿਕਲੇ ਕਦੇ ਭੂਤ ਨਾ ਉਸਦਾ ਚਿੰਮੜਾਇਆ

ਲੋਂਕੀਂ ਆਉਂਦੇ ਦੂਰੋਂ  ਤੱਕ ਕੇ ਉਹ ਭਰਦਾ ਝੋਲੀ 

ਧਰਮ ਈਮਾਨ ਦੀ ਦੋਸਤੋ ਹੁਣ ਲਗਦੀ ਬੋਲੀ

ਹੋਣ ਮੁਰਾਦਾਂ ਪੂਰੀਆਂ ਲੱਗੇ ਚੜ੍ਹਨ  ਚੜ੍ਹਾਵੇ

ਭਗਤਾਂ ਦੀ ਲਾਈਨ ਤਾਂ ਨਿੱਤ ਵਧਦੀ ਜਾਵੇ 

ਕਰਨੀ ਵਾਲੇ ਸੰਤ ਨੇ ਕਈ ਸੁਣੇ ਮੈਂ ਕਹਿੰਦੇ 

ਹਰ ਵੇਲੇ ਉਹ ਬਾਬਾ ਜੀ ਦੇ ਚਰਨੀਂ ਬਹਿੰਦੇ

ਕਾਰਾਂ ਵਾਲਾ ਹੋ ਗਿਆ ਉਹ ਭੁੱਖਾ  ਮਰਦਾ

ਨਵੇਂ ਹੀ ਵਾਕੇ ਕਰ ਰਿਹਾ  ਜ਼ਰਾ ਨਾ ਡਰਦਾ 

ਪੜ੍ਹੇ ਲਿਖੇ ਵੀ ਲੋਕ ਉਹਨੂੰ ਕਹਿੰਦੇ ਬਾਬਾ 

ਤੂੰ ਹੀ ਸਾਡਾ ਗੁਰੂ ਹੈ ਤੂੰ ਹੀ ਮੱਕਾ ਕਾਬਾ

ਲਹਿਰ ਜਿਹੀ ਬੱਸ ਚੱਲ ਪਈ ਹੋਏ ਵਾਰੇ ਨਿਆਰੇ 

ਨੇਤਾ ਕਈ ਝੁਕਦੇ ਉਸਦੇ ਦਰਬਾਰੇ

ਲੋਕਾਂ ਦੀ ਅਕਲ ਤੋਂ ਪਰਦਾ ਸੀ ਲਹਿ ਗਿਆ

ਚਾਰ ਬੱਚਿਆਂ ਦੀ ਮਾਂ ਨੂੰ ਕੱਢਕੇ ਉਹ ਲੈ ਗਿਆ 

ਘਰ ‘ਚੋਂ ਗਹਿਣੇ ਗੱਟਿਆਂ ਦਾ ਕੀਤਾ ਸਫਾਇਆ 

ਬਾਬਾ ਐਸਾ ਭੂਤ ਸੀ ਜੋ ਨਜ਼ਰ ਨਾ ਆਇਆ 

ਕੁਹਰਾਮ ਜਿਹਾ ਮੱਚ ਗਿਆ ਕਹਿੰਦੇ ਲੱਭੋ ਬਾਬਾ

ਫੜ ਕੇ ਮੁਸ਼ਕਾਂ ਲਾ ਦਿਓ ਛੱਡਣਾ ਨਹੀਂ ਆਪਾਂ

ਆਖ਼ਰ ਇੱਕ ਦਿਨ ਬਾਬਾ ਜੀ ਵੀ ਆਗੇ ਕਾਬੂ

ਬਾਬੇ ਸਿਰ ਚੜ੍ਹ ਕੇ ਬੋਲਿਆ ਛਿੱਤਰਾਂ ਦਾ ਜਾਦੂ

ਪੰਚਾਇਤ ਨੇ ਸੀ ਫਿਰ ਇਹ ਹੁਕਮ ਸੁਣਾਇਆ 

ਲੱਭ ਕੇ ਐਸੇ ਢੋਂਗੀਆਂ ਦਾ ਕਰੋ ਸਫਾਇਆ 

ਸੱਚੇ ਗੁਰੂ ਲੜ ਲੱਗ ਕੇ ਸ਼ਮੀ ਅਲਖ ਜਗਾਈਏ 

ਢੋਂਗੀ ਠੱਗਾਂ ਸਾਰਿਆਂ ਨੂੰ ਦੂਰ ਭਜਾਈਏ

📝 ਸੋਧ ਲਈ ਭੇਜੋ