ਮੈਂ ਇਕ ਭੁਲਿਆ ਭਟਕਿਆ ਰਾਹੀ

ਤੈਨੂੰ ਚੇਤੇ ਕਰ ਲੈਂਦਾ ਹਾਂ

ਕਦੀ ਕਦਾਈਂ ਵਰ੍ਹੇ ਛਮਾਹੀਂ

ਉਂਜ ਮੇਰਾ ਰਾਹ ਤੇਰੇ ਦੱਸੇ ਹੋਏ ਰਾਹ ਤੋਂ ਬੜਾ ਅਲੱਗ ਹੈ

ਆਪਣੇ ਨਿੱਕੇ ਜਹੇ ਘੇਰੇ ਵਿਚ

ਮੈਂ ਹਥਿਆਰ-ਵਿਹੂਣਾ ਬਾਬਰ 

ਮੇਰੇ ਅੰਦਰ ਕੌਡਾ ਰਾਕਸ਼ 

ਮੇਰੇ ਅੰਦਰ ਸੱਜਣ ਠੱਗ ਹੈ

ਮੈਨੂੰ ਤੇਰੀ ਲੋੜ ਰਹੀ ਹੈ 

ਮੈਨੂੰ ਤੇਰੀ ਖੋਜ ਰਹੀ ਹੈ 

ਵੱਖੋ ਵੱਖ ਫ਼ਰਮਾਂ ਦੇ

ਕਈ ਕਲੰਡਰਾਂ ਉੱਤੇ

ਤੇਰੀਆਂ ਕੁਝ ਤਸਰਵੀਰਾਂ ਤੱਕੀਆਂ

ਉਹਨਾਂ ਤਸਵੀਰਾਂ 'ਚੋਂ ਇਹ ਚੁੰਧਿਆਈਆਂ ਅੱਖੀਆਂ 

ਤੇਰਾ ਕੋਈ ਸੁਨੇਹਾ ਲਭ ਨਾ ਸਕੀਆਂ

ਉਹਨਾਂ ਕਲੰਡਰਾਂ ਵਿਚ ਤਾਂ ਹੈ ਸਨ

ਥਿੱਤਾਂ, ਵਾਰ ਅਤੇ ਤਿਉਹਾਰ

ਤੇ ਜਾਂ ਕਈ ਮਿਲਾਵਟ ਭਰੀਆਂ ਵਸਤਾਂ ਦਾ ਪਰਚਾਰ

ਤੇਰੇ ਨਾਂ ਤੇ ਵੱਡੀਆਂ ਵੱਡੀਆਂ ਮਿੱਲਾਂ ਚਲਣ

ਰੋਜ਼ ਜਿਨ੍ਹਾਂ ਵਿਚ

ਭਾਈ ਲਾਲੋਆਂ ਦੇ ਹੱਡ ਪਿਸਦੇ

ਅਤੇ ਜਿਨ੍ਹਾਂ ਦੇ ਮਾਲਕ ਭਾਗੋ

ਪਸਚਾਤਾਪ ਨਾ ਕਰਦੇ ਦਿਸਦੇ

ਇਕ ਦਿਨ ਮੈਂ

ਇਕ ਤੀਰਥ ਜਾ ਕੇ ਸੀਸ ਨਿਵਾਇਆ

ਉਸ ਤੀਰਥ ਦਾ ਭਾਈ 

ਤੇਰੀ ਬਾਣੀ ਪੜ੍ਹ ਕੇ 

ਆਪਣਾ ਪੇਟ ਪਾਲਦਾ

ਤੇ ਲੋਕਾਂ ਦੇ ਪਾਪ ਟਾਲਦਾ 

ਸਾਧਾਰਣ ਅਖੰਡ ਪਾਠ ਦੇ 

ਵਖੋ-ਵਖਰੇ ਭਾ ਦੱਸਦਾ ਸੀ 

ਉਸ ਨੇ ਤੇਰੇ ਸ਼ਬਦਾਂ ਦਾ ਪਰ 

ਪਾਰਾਵਾਰ ਕਦੀ ਨਾ ਪਾਇਆ 

ਮੈਂ ਉਸ ਤੀਰਥ ਸੀਸ ਨਿਵਾਇਆ 

ਪਰ ਤੂੰ ਮੈਨੂੰ

ਓਥੇ ਵੀ ਨਜ਼ਰੀਂ ਨਾ ਆਇਆ

ਮੇਰੀਆਂ

ਚੁੰਧਿਆਈਆਂ ਅੱਖੀਆਂ ਦੇ ਅੱਗੇ

ਉੱਚੇ ਉੱਚੇ ਧਾਮ ਖੜੇ ਨੇ

ਕਈ ਕਲੰਡਰ ਤੇ ਮਿੱਲਾਂ ਦੇ ਨਾਮ ਖੜੇ ਨੇ

ਏਸੇ ਲਈ ਹੁਣ

ਮੈਂ ਇਕ ਭੁੱਲਿਆ ਭਟਕਿਆ ਰਾਹੀ

ਤੈਨੂੰ ਚੇਤੇ ਕਰ ਲੈਂਦਾ ਹਾਂ

ਰਸਮੋਂ ਰਸਮੀਂ

ਸ਼ਰਮੋਂ ਸ਼ਰਮੀ

ਕਦੀ ਕਦਾਈਂ ਵਰ੍ਹੇ ਛਮਾਹੀਂ

ਉਂਜ ਮੇਰਾ ਰਾਹ

ਤੇਰੇ ਦੱਸੇ ਹੋਏ ਰਾਹ ਤੋਂ ਬੜਾ ਅਲੱਗ ਹੈ

ਆਪਣੇ ਨਿੱਕੇ ਜਹੇ ਘੇਰੇ ਵਿਚ

ਮੈਂ ਹਥਿਆਰ-ਵਿਹੂਣਾ ਬਾਬਰ 

ਮੇਰੇ ਅੰਦਰ ਕੌਡਾ ਰਾਕਸ਼ 

ਮੇਰੇ ਅੰਦਰ ਸੱਜਣ ਠੱਗ ਹੈ।

📝 ਸੋਧ ਲਈ ਭੇਜੋ