ਮੁਗ਼ਲ ਰਾਜ ਦਾ ਮੋਢੀ ਬਾਬਰ,

ਲੈ ਫੌਜਾਂ ਭਾਰਤ ਵੱਲ ਆਇਆ।

ਕਿਸੇ ਨਾ ਹਟਕਿਆ ਕਿਸੇ ਨਾ ਵੱਲਿਆ,

ਕਿਸੇ ਨਾ ਰਸਤਾ ਰੋਕ ਵਿਖਾਇਆ।

ਬੜੇ ਬੜੇ ਬਲੀਆਂ ਦੇ ਹੁੰਦਿਆਂ,

ਕੋਈ ਵੀ ਨਾ ਰਖਵਾਲਾ ਬਣਿਆ।

ਲੁੱਟੀ ਗਈ ਭਾਰਤ ਦੀ ਕੁੱਲੀ,

ਕੋਈ ਨਾ ਇਸਦਾ ਤਾਲਾ ਬਣਿਆ।

ਮਿੱਧ ਸੁੱਟੀਆਂ ਕਈ ਕੋਮਲ ਕਲੀਆਂ,

ਖੁਰਾਸਨ ਦਿਆਂ ਜਾਬਰ ਪੈਰਾਂ।

ਆਸਾਂ ਦੇ ਸਭ ਮਹਿਲ ਮੁਨਾਰੇ,

ਢਹਿ ਢੇਰੀ ਕਰ ਦਿੱਤੇ ਗ਼ੈਰਾਂ।

ਪੱਥਰ ਦਿਲ ਨੇ ਤਰਸ ਨਾ ਖਾਧਾ,

ਅਬਲਾ ਦੀ ਮਜਬੂਰੀ ਤੱਕ ਕੇ।

ਕਾਤਲ ਦਾ ਹੱਥ ਜ਼ਰਾ ਨਾ ਰੁਕਿਆ,

ਕਿਸੇ ਦੀ ਮਾਂਗ ਸੰਧੂਰੀ ਤੱਕ ਕੇ।

ਸਿਰ ਤਰਬੂਜਾਂ ਵਾਂਗੂੰ ਰੁਲਦੇ,

ਹਰ ਥਾਂ ਦਿਸਣ ਵਿੱਚ ਬਾਜ਼ਾਰਾਂ।

ਕਿਧਰੇ ਜਬਰ ਦੇ ਨਾਲ ਸਤਾਈਆਂ,

ਹਾਹਾਕਾਰ ਮਚਾਵਣ ਨਾਰਾਂ।

ਨਜ਼ਰਾਂ ਜਾਵਣ ਜਿੱਥੋਂ ਤੀਕਰ,

ਨਦੀ ਜ਼ੁਲਮ ਦੀ ਠਾਠਾਂ ਮਾਰੇ।

ਅਬਲਾ ਭਾਰਤ ਦਾ ਲਹੂ ਪੀ ਕੇ,

ਬਿਸ਼ੀਅਰ ਮਾਰਨ ਪਏ ਫੁੰਕਾਰੇ।

ਜਦ ਭਾਰਤ ਦੇ ਬੀਰ ਬਹਾਦੁਰ,

ਮੌਤ ਦੀ ਗੋਦੀ ਅੰਦਰ ਸੁੱਤੇ।

ਦੁੱਧ ਚੁੰਘਦੇ ਮਾਸੂਮਾਂ ਦੇ ਸਿਰ,

ਜਦ ਤੀਰਾਂ ਵਿੱਚ ਗਏ ਪਰੁੱਚੇ।

ਜਦ ਭਾਰਤ ਦੇ ਵਿਹੜੇ ਅੰਦਰ,

ਨਾ ਕੋਈ ਰਹਿ ਗਈ ਕੰਜ ਕੁਆਰੀ।

ਜਦ ਅਬਲਾ ਦੀ ਲਾਜ ਬਚਾਵਣ,

ਨਾ ਆਇਆ ਕੋਈ ਕ੍ਰਿਸ਼ਨ ਮੁਰਾਰੀ।

ਜਦ ਰਾਵਣ ਦੇ ਹੱਥੋਂ ਸੀਤਾ,

ਰਾਮ ਕੋਈ ਛੁੜਵਾ ਨਾ ਸਕਿਆ।

ਜਦ ਭਾਰਤ ਦੀ ਰੁੜ੍ਹਦੀ ਬੇੜੀ,

ਬੰਨੇ ਤੇ ਕੋਈ ਲਾ ਨਾ ਸਕਿਆ।

ਤਦ ਮੇਰੇ ਗੁਰੂ ਨਾਨਕ ਪਿਆਰੇ,

ਸੁੱਤੇ ਰੱਬ ਨੂੰ ਝੱਟ ਜਗਾਇਆ।

ਬਾਬਰ ਜਾਬਰ ਨੇ ਕਿਉਂ ਏਨਾ,

ਭਾਰਤ ਉੱਤੇ ਜ਼ੁਲਮ ਕਮਾਇਆ।

ਓ! ਰੱਬਾ ਤੈਨੂੰ ਜਾਗ ਨਾ ਆਈ,

ਸੁਣ ਕੇ ਜੰਗੀ ਢੋਲ ਨਗਾਰੇ।

ਓ! ਰੱਬਾ ਤੈਨੂੰ ਸੇਕ ਨਾ ਲੱਗਾ,

ਫੂਕੇ ਗਏ ਜਦ ਤੇਰੇ ਦਵਾਰੇ।

ਲਹਿ ਗਏ ਚੰਨ ਕਈਆਂ ਦੇ ਭਾਵੇਂ,

ਪਰ ਤੂੰ ਚੰਨ ਚੜ੍ਹਾਈ ਬੈਠੈਂ।

ਓ! ਰੱਬਾ ਤੂੰ ਡਾਢੇ ਹੱਥੋਂ,

ਮਾੜੇ ਨੂੰ ਮਰਵਾਈ ਬੈਠੈਂ।

ਕੌਣ ਹੈ ਜ਼ਾਲਮ ਜਿਸਨੇ ਮੇਰੇ,

ਭਾਰਤ ਦੀ ਹੈ ਰੀਤ ਮਿਟਾਈ।

ਕੌਣ ਹੈ ਜਾਬਰ ਜਿਸ ਨਿਹੱਥੀ,

ਜਨਤਾ ‘ਤੇ ਤਲਵਾਰ ਚਲਾਈ।

ਉਸ ਜਾਬਰ ਦੇ ਹੱਥੋਂ ਹੁਣ ਮੈਂ,

ਭਾਰਤ ਮਾਂ ਛੁੜਵਾਣੀ ਚਾਹੁੰਨਾ।

ਰੁਲ ਰਹੀ ਪੈਰਾਂ ਵਿੱਚ ਜੋ,

ਆਪਣੀ ਲਾਜ ਬਚਾਣੀ ਚਾਹੁੰਨਾ।

ਬਾਬਰ ! ਤਲਵਾਰ ਤੇਰੀ ਅੱਜ,

ਮੇਰਾ ਕੁਝ ਵਿਗਾੜ ਨਹੀਂ ਸਕਦੀ।

ਜਾਬਰ ! ਤੇਰੀ ਲਾਲ ਹਨੇਰੀ,

ਮੇਰੇ ਪੈਰ ਉਖਾੜ ਨਹੀਂ ਸਕਦੀ।

ਮੈਂ ਜਨਤਾ ਦਾ ਸੇਵਕ ਸ਼ਾਇਰ,

ਤੈਨੂੰ ਕੁਝ ਸਮਝਾਉਣਾ ਚਾਹੁੰਨਾ।

ਦਹਿਸ਼ਤ ਭਰੀਆਂ ਅੱਖਾਂ ਨੂੰ ਮੈਂ,

ਸ਼ਰਮ ਹਯਾ ਸਿਖਲਾਣਾ ਚਾਹੁੰਨਾ।

ਤੇਰਿਆਂ ਹੱਥਾਂ ਜਿਹੜੀ ਬਣਾਈ,

ਕੋਝੀ ਤਸਵੀਰ ਵਿਖਾਵਾਂ।

ਅਬਲਾਵਾਂ ਦੇ ਅੱਥਰੂ ਚੁਗ ਕੇ,

ਤੇਰੀ ਝੋਲੀ ਵਿੱਚ ਪਾਵਾਂ।

ਮਾਰ ਕੇ ਕਈ ਬੇਦੋਸ਼ੇ ਬੰਦੇ,

ਗ਼ਾਜ਼ੀ ਕੋਈ ਅਖਵਾ ਨਹੀਂ ਸਕਦਾ।

ਬਾਬਰ ! ਬੰਦਿਆਂ ਦੀ ਹਸਤੀ,

ਬੰਦਾ ਕਦੇ ਮਿਟਾ ਨਹੀਂ ਸਕਦਾ।

ਤੁਅੱਸਬ ਦੀ ਜੋ ਬਾਂਗ ਅਲਾਹੇ,

ਉਹ ਨਹੀਂ ਕਦੇ ਨਮਾਜ਼ੀ ਹੁੰਦਾ।

ਮਜ਼ੱਹਬ ਦੇ ਨਾਂ ਜ਼ੁਲਮ ਕਰੇ ਜੋ ,

ਰੱਬ ਨਹੀਂ ਉਸ ਤੇ ਰਾਜ਼ੀ ਹੁੰਦਾ।

ਜ਼ੁਲਮ ਤਕੱਬਰ ਦਾ ਸਿਰ ਬਾਬਰ,

ਆਖ਼ਰ ਇੱਕ ਦਿਨ ਝੁੱਕ ਜਾਂਦਾ ਏ।

ਖ਼ਲਕਤ ਦੀ ਆਵਾਜ਼ ਨੂੰ ਸੁਣ ਕੇ,

ਖ਼ਾਲਕ ਦਾ ਹੱਥ ਰੁੱਕ ਜਾਂਦਾ ਏ।

ਖਰੀਆਂ ਖਰੀਆਂ ਗੱਲਾਂ ਕਰ ਕੇ,

ਢਾਹ ਦਿੱਤਾ ਬਾਬਰ ਦਾ ਜੇਰਾ।

ਦੇਸ਼ ਦੀ ਖਾਤਰ ਕੈਦੀ ਬਣਿਆ,

ਧੰਨ ਹੈ ਸਤਿਗੁਰ ਨਾਨਕ ਮੇਰਾ।

ਫਿਰ ਭਾਰਤ ਦੀਆਂ ਨਜ਼ਰਾਂ ਢੂੰਡਣ,

ਆਸੇ ਪਾਸੇ ਚਾਰ ਚੁਫ਼ੇਰੇ।

ਮੇਰੇ ਸਤਿਗੁਰ ਨਾਨਕ ਤੈਨੂੰ,

ਢੂੰਡਣ ਭਾਰਤ ਵਾਸੀ ਤੇਰੇ।

ਫਿਰ ਕੋਈ ਬਾਬਰ ਦਾ ਬੇਟਾ,

ਭਾਰਤ ਨੂੰ ਹਥਿਆਣਾ ਚਾਹੁੰਦੈ।

ਫਿਰ ਭਾਰਤ ਦੇ ਮੱਥੇ ਉੱਤੇ,

ਦਾਗ਼ ਗੁਲਾਮੀ ਲਾਣਾ ਚਾਹੁੰਦੈ।

ਫਿਰ ਭਾਰਤ ਦਾ ਰੂਪ ਕੁਆਰਾ,

ਮੰਡੀ ਵਿੱਚ ਵਿਕਵਾਣਾ ਚਾਹੁੰਦੈ।

ਫਿਰ ਕੋਈ ਭੁੱਖਾ ਰਿੱਛ ਜਨੂੰਨੀ,

ਅੱਜ ਭਾਰਤ ਨੂੰ ਖਾਣਾ ਚਾਹੁੰਦੈ।

ਪਰ ਮੇਰੇ ਗੁਰੂ ਨਾਨਕ ਪਿਆਰੇ,

ਅੱਜ ਨਹੀਂ ਅਬਲਾ ਭਾਰਤ ਰੋਣੀ।

ਹੁਣ ਸਕਤਾ ਸਕਤੇ ਸੰਗ ਲੜਨੈ,

ਤੇਰੀ ਤਮੰਨਾ ਪੂਰੀ ਹੋਣੀ।

ਕਲਮ ਤੇਰੀ ਨੂੰ ਕਲਗੀਆਂ ਵਾਲਾ,

ਖ਼ੂਨ ਦਾ ਡੋਕਾ ਲਾ ਗਿਆ ਦਾਤਾ।

ਨੀਹਾਂ ਹੇਠ ਚਿਣਾ ਕੇ ਪੁੱਤਰ,

ਸਾਨੂੰ ਸ਼ੇਰ ਬਣਾ ਗਿਆ ਦਾਤਾ।

ਅੱਜ ਭਾਰਤ ਦਾ ਬੱਚਾ ਬੱਚਾ,

ਭਾਰਤ ਦਾ ਰਖਵਾਲਾ ਬਣਿਐ।

ਅੱਜ ਭਾਰਤ ਨਹੀਂ ਵਗ ਪੁਰਾਣਾ,

ਸ਼ੇਰ ਜਵਾਂ ਹਰ ਬਾਲਾ ਬਣਿਐ।

ਫਿਰ ਤੇਰੇ ਮਰਦਾਨੇ ਪੁੱਤਰਾਂ,

ਸਿਰ ਦੇ ਕੇ ਸਰਹੱਦ ਬਚਾਣੀ।

ਫਿਰ ਫੂਕਾਂਗੇ ਟੈਂਕ ਜਬਰ ਦੇ,

ਜੰਝ ਪਾਪ ਦੀ ਮਾਰ ਭਜਾਣੀ।

ਜੋਰੀ ਦਾਨ ਕਦੇ ਨਹੀਂ ਦੇਣਾ,

ਕਿਸੇ ਬਦੇਸ਼ੀ ਜਾਬਰ ਤਾਈਂ।

ਆਪਣਾ ਹਿੰਦੋਸਤਾਨ ਨਹੀਂ ਦੇਣਾ,

ਫਿਰ ਚੰਗੇਜ਼ ਨਾ ਬਾਬਰ ਤਾਈਂ।

ਖ਼ੂਨ ਦਿਆਂਗੇ ਤੈਨੂੰ ਆਪਣਾ,

ਲਿਖ ਨਾਨਕ ਫਿਰ ਬਾਬਰਵਾਣੀ।

ਮਸਤੀ ਵਿੱਚ ਤੂੰ ਗਾਂਦਾ ਜਾਵੀਂ,

ਤੋਪਾਂ ਥੀਂ ਰਬਾਬ ਵਜਾਣੀ।

ਜ਼ੁਲਮ ਦੀਆਂ ਤਲਵਾਰਾਂ ਕੋਲੋਂ,

ਸੱਚ ਕਦੇ ਵੀ ਮਰ ਨਹੀਂ ਸਕਦਾ।

ਜਿਸ ਭਾਰਤ ਦਾ ਰਾਖਾ ਨਾਨਕ,

ਉਹ ਭਾਰਤ ਕਦੇ ਹਰ ਨਹੀਂ ਸਕਦਾ।

📝 ਸੋਧ ਲਈ ਭੇਜੋ