ਬੱਚੇ ਨਹੀਂ ਜਾਣਦੇ

ਬੱਚੇ ਬੜੇ ਮਾਸੂਮ ਹਨ 

ਉਹ ਨਹੀਂ ਜਾਣਦੇ

ਜ਼ਿੰਦਗੀ ਦੇ ਕਿੰਨੇ ਹੀ ਤੱਥ

ਬਹੁਤ ਕਸੂਤੇ ਵੀ ਹੁੰਦੇ ਹਨ

ਬੱਚੇ ਨਹੀਂ ਜਾਣਦੇ

ਦਿੱਖ ਦਾ ਫ਼ਰਕ ਕਿਵੇਂ

ਬੰਦੇ ਨੂੰ ਆਪਣੇ ਹੀ ਦੇਸ਼ ‘ਚ

ਅਜਨਬੀ ਬਣਾ ਧਰਦਾ ਹੈ 

ਬੇਇਜ਼ਤੀ ਜਾਂ ਮੌਤ ਦਾ

ਕਾਰਨ ਹੋ ਸਕਦਾ ਹੈ

ਬੱਚੇ ਨਹੀਂ ਜਾਣਦੇ

ਵਿਤਕਰੇ ਕੀ ਹੁੰਦੇ ਹਨ 

ਤੇ ਹਰ ਸੰਕਟ, ਧਰਮ ਸੰਕਟ 

ਕਦੋਂ ਬਣਦਾ ਹੈ

ਇਨਸਾਫ਼ ਦੀ ਮੰਗ ਲਈ 

ਲਹੂ ਡੁਲ੍ਹਣਾ ਕਿਉਂ ਜ਼ਰੂਰੀ ਹੈ

ਬੱਚੇ ਨਹੀਂ ਜਾਣਦੇ

ਵੱਡਿਆਂ ਦੇ ਚਿਹਰਿਆਂ ‘ਤੇ

ਚੁੱਪ ਤੇ ਸਹਿਮ

ਕਿਉਂ ਚਿਪਕ ਜਾਂਦੇ ਹਨ

ਸਲੇਟੀ ਸੜਕਾਂ ਉੱਪਰ

ਲਾਸ਼ਾਂ ਕਿਉਂ ਵਿਛਦੀਆਂ ਨੇ

ਛੁਹਲੇ ਪੈਰੀਂ ਤੁਰਦੀ ਜ਼ਿੰਦਗੀ 

ਅਚਾਨਕ ਕਿਉਂ ਠਠੰਬਰ ਜਾਂਦੀ ਹੈ

ਬੱਚੇ ਨਹੀਂ ਜਾਣਦੇ 

ਕਰਫ਼ਿਊ ਕੀ ਹੁੰਦਾ ਹੈ 

ਤੇ ਕਿਵੇਂ ਲੱਗਦਾ ਹੈ 

ਕੌਣ ਲਾਉਂਦਾ ਹੈ 

ਤੇ ਕਿਉਂ ਲੱਗਦਾ ਹੈ

ਅੱਜ ਕੱਲ੍ਹ ਜੀਣ ਲਈ

ਮੌਤ ਵਰਗੀਆਂ ਹਾਲਤਾਂ 

ਕਿਉਂ ਜ਼ਰੂਰੀ ਨੇ

ਇਹ ਤੇ ਅਜਿਹੇ ਹੋਰ ਕਸੂਤੇ ਸੱਚ 

ਬੱਚੇ ਬਿਲਕੁਲ ਨਹੀਂ ਜਾਣਦੇ 

ਉਹ ਸੱਚਮੁੱਚ ਕਿੰਨੇ ਮਾਸੂਮ ਹਨ।

📝 ਸੋਧ ਲਈ ਭੇਜੋ