(ਡਾ. ਓਂਕਾਰ ਸਿੰਘ ਅਟਵਾਲ ਲਈ)
ਮੇਰੀ ਬੱਚੀਏ
ਮੇਰੇ ਉਜੜੇ ਬਾਗ਼ ਦੀ ਕਲੀਏ
ਤਕਦੀਰਾਂ ਦੇ ਗੇੜ 'ਚ ਆ ਕੇ
ਉਮਰ-ਤਰੱਕਲੇ ਵਲੀਏ
ਸੁਬਕ ਜਹੀ ਪ੍ਰੀਤਾਂ ਦੀ ਤੰਦੀਏ
ਤੂੰਹੀਉਂ ਉਸ ਛਿਨ ਭੰਗਰੇ
ਰਸ-ਰੰਗ-ਖ਼ੁਸ਼ਬੂ-ਮੌਸਮ ਦੀ
ਇਕ ਯਾਦ ਬਚੀ ਏਂ
ਜਿਸ ਨੂੰ ਅਖ-ਪਲਕਾਰੇ ਵਿਚ ਹੀ
ਕਾਲ ਦੇ ਝਖੜ ਲੁਟ ਕੇ ਲੈ ਗਏ।
ਤੂੰ ਨਾ ਜਾਣੇ
ਤੇਰੀ ਅਧ-ਦਲੀਲੀ ਇਸ ਹਲਕੀ ਮੁਸਕਾਣ 'ਚ
ਕਿੰਨੇ ਫੁਲ ਮੁਰਝਾਏ।
ਤੈਨੂੰ ਸਾਰ ਨਾ ਹਾਲੇ
ਤੇਰੇ ਏਸ ਖਿੜੇ ਮਸਤਕ ਵਿਚ
ਕਿਹੜੇ ਚੰਨ ਦਾ ਚਾਨਣ ਘੁਲਿਆ
ਤੈਨੂੰ ਖ਼ਬਰ ਨਾ ਕੋਈ
ਤੇਰੀਆ ਪਲਕਾਂ ਛਾਵੇਂ ਸੁੱਤੇ
ਪ੍ਰੀਤਾਂ ਦੇ ਕੇਹੇ ਜਗਰਾਤੇ।
ਮੇਰੀਏ ਨਿੱਕੀਏ ਜਹੀਏ ਬਚੀਏ
ਖੁਸ਼ੀਆਂ ਦਾ ਇਕ
ਭਰਿਆ ਮੇਲਾ ਵਿਛੜ ਗਿਆ ਏ।
ਐਸਾ ਗ਼ੈਬ ਤੋਂ ਪੱਲਾ ਵੱਜਾ
ਗੁੱਲ ਹੋ ਗਏ ਮੇਰੇ ਅੰਬਰ
ਸੱਭੇ ਚੰਨ ਸੂਰਜ ਤੇ ਤਾਰੇ,
ਤਾਂ ਕਿਧਰੇ ਜਗੀਆਂ ਨੇ ਇਹ ਤੇਰੇ ਨੈਣਾਂ ਦੀਆਂ ਜੋਤਾਂ।
ਤੂੰ ਨਾ ਜਾਣੇ
ਕਿੰਨੀ ਮਹਿੰਗੀ ਏਂ ਤੂੰ
ਕਿੰਨਾ ਮੁਲ ਤਾਰ ਕੇ ਤੈਨੂੰ ਰੱਬ ਤੋਂ ਲੀਤਾ।
ਜੰਮ ਜੰਮ ਖੇਡਣ
ਤੇਰੇ ਨੈਣਾਂ ਨਾਲ
ਭਵਿੱਖ ਦੇ ਰੰਗ ਬਰੰਗੇ ਸੁਪਨੇ
ਮੇਰੇ ਲਈ ਤੂੰ
ਬੀਤੇ ਹੋਏ ਦੀ ਸੰਗ-ਨਸ਼ਾਨੀ।
ਮੇਰੇ ਰਾਹ ਦਾ ਘੁਪ ਹਨੇਰਾ ਸੰਘਣਾ
ਤੇ ਮਜ਼ਬੂਰ ਨੇ
ਇਹ ਤੇਰੇ ਨੈਣਾਂ ਦੀਆਂ ਜੋਤਾਂ।
ਤੇਰੇ ਸੁਹਲ ਜਹੇ ਇਸ ਬੁਤ ਵਿਚ
ਆਉਂਦੇ ਗ਼ਮਾਂ ਤੇ ਬੀਤੇ ਚਾਵਾਂ
ਦੀ ਗੰਢ ਪੀਚੀ ਹੋਈ।
ਤੇਰੇ ਜਿਸਮ 'ਚ
ਮੇਰੀਆਂ ਨਾੜਾਂ ਦੀ ਰੱਤ ਗਿੜਦੀ
ਤੇ ਇਕ ਚੁੱਪ-ਨਗਰੀ ਵਿਚ ਸੁਤੀ ਜਿੰਦੜੀ
ਸਾਹ ਲੈਂਦੀ ਏ।
ਮੇਰੀ ਪਾਪਣ ਬਚੀਏ
ਤੂੰ ਜੰਮਦੀ ਨੇ ਪਾਪ ਕਮਾਇਆ।
ਪਰ ਨਹੀਂ
ਮੈਂ ਇਹ ਵੀ ਨਹੀਂ ਕਹਿੰਦਾ
ਰੂੰ ਦੇ ਗੋਹੜਿਆਂ ਵਰਗੇ
ਇਹ ਹੱਥ ਨਿੱਕੇ ਨਿੱਕੇ
ਕਿਹੜਾ ਕਹਿਰ ਕਮਾ ਸਕਦੇ ਨੇ?
ਧੁਰ ਦੀਆਂ ਲਿਖੀਆਂ
ਮਿਟ ਨਾ ਸਕੀਆਂ
ਤੂੰ ਅਣਭੋਲ ਮਸੂਮ ਬੇਦੋਸ਼ੀ
ਆ ਮੈਂ ਤੈਨੂੰ ਹਿੱਕੜੀ ਲਾਵਾਂ।