ਧਰਤੀ ਦੇ ਜਾਇਆਂ, ਬਦਲ ਦਿੱਤੀ ਕਾਇਆ।
ਰਹੀ ਨਾ ਨਿਰੋਗ, ਵੇਖ ਦਿਲ ਘਬਰਾਇਆ।
ਰੱਖਤੀ ਉਜਾੜ ਕੇ, ਸੀਨਾ ਉਹਦਾ ਪਾੜ ਕੇ।
ਰੁੱਖਾਂ ਨੂੰ ਵੱਢ ਕੇ, ਹਿੱਕ ਉਹਦੀ ਸਭ ਕੱਢ ਕੇ।
ਤੁਰ ਪਿਆ ਖੋਜ ਵਿੱਚ, ਉਜਾੜਨੇ ਨੂੰ ਹੋਰ ਥਲ।
ਬਚ ਜਾ ਚੰਦਰਮਾ, ਬੰਦੇ ਪੈੜਾਂ ਤੇਰੇ ਵੱਲ।
ਪਾਣੀ ਲਹਿਰਾਂ ਲੱਗੀਆਂ, ਸੀ ਰੱਜ-ਰੱਜ ਮਾਣਦਾ।
ਗੰਦਾ ਕਰਕੇ ਛਾਨਣ ਲੱਗਾ, ਮੁੱਕ ਚੱਲਿਆ ਹਾਣਦਾ।
ਹਰੀ ਭਰੀ ਧਰਤੀ ਨੂੰ, ਵੱਢ-ਵੱਢ ਨਾ ਥੱਕਿਆ।
ਧੂੰਏਂ ਅਸਮਾਨੀ ਸੁੱਟੇ, ਰੁਕਦਾ ਨਾ ਵਰਜਿਆਂ।
ਪਾਣੀ ਦੇ ਨਿਸ਼ਾਨ ਲੱਭੇ, ਬਣਦੀ ਨਾ ਵੇਖ ਗੱਲ।
ਬਚ ਜਾ ਚੰਦਰਮਾ, ਕਿ ਬੰਦੇ ਪੈੜਾਂ ਤੇਰੇ ਵੱਲ।
ਧਰਤੀ ਤੇ ਮਿਹਨਤੀ, ਭੁੱਖ ਨਾਲ਼ ਢਿੱਡ ਫੜ੍ਹੇ
ਕਿਸਾਨ ਜ਼ਹਿਰ ਨਿਗਲੇ, ਕਰਜ਼ੇ ਨੇ ਸਿਰ ਚੜ੍ਹੇ।
ਦਾਤਰਾਂ ਕੈਂਚੀਆਂ ਸ਼ੁਰੂ ਕਰ, ਬੰਬਾਂ ਵਾਲ਼ਾ ਬਣਿਆ।
ਗ਼ੈਰਾਂ ਨੂੰ ਮਾਰਦਾ, ਖ਼ਤਮ ਕਰ ਰਿਹਾ ਜਣਿਆਂ।
ਧੂੰਏਂ ਨਾਲ਼ ਅੰਬਰ ਕਾਲੇ, ਲੱਭਦਾ ਨਾ ਵੇਖ ਹੱਲ।
ਬਚ ਜਾ ਚੰਦਰਮਾ, ਬੰਦੇ ਪੈੜਾਂ ਤੇਰੇ ਵੱਲ।
ਕੁੜੀਆਂ ਤੇ ਚਿੜੀਆਂ, ਚਹਿਕਦੀਆਂ ਸੀ ਬੜੀਆਂ।
ਪਪੀਹੇ ਚੁੰਞ ਵੜੀਆਂ, ਸੀ ਮੀਹਾਂ ਦੀਆਂ ਝੜੀਆਂ।
ਰੁੱਖਾਂ ਪੰਛੀ ਚਹਿਕਦੇ, ਬਾਗ਼ੀਂ ਮੋਰ ਪੈਲਾਂ ਪਾਉਂਦੇ।
ਵੇਖਦੇ ਸੀ ਭਾਣੇ ਤੇਰੇ, ਲੋਕੀਂ ਮੇਲੇ ਗਾਉਣ ਗਾਉਂਦੇ
ਅੱਜ ਕੁਦਰਤ ਨਿਹਾਰਕੇ, ਸਰਬ ਅੱਥਰੂਆਂ ਵੱਜੇ ਛੱਲ।
ਆਖੇ, ਬਚ ਜਾ ਚੰਦਰਮਾ, ਬੰਦੇ ਪੈੜਾਂ ਤੇਰੇ ਵੱਲ।