ਆਲੇ ਦੁਆਲੇ
ਸੜਕਾਂ ਉਤੇ
ਚਾਰੋਂ ਪਾਸੇ
ਵਿੱਚ ਚੌਰਾਹਿਆਂ
ਖੂੰਖਾਰ ਭੇੜੀਏ ਤੁਰੇ ਫਿਰਦੇ ਨੇ
ਬਚ ਕੇ ਰਹਿਣਾ
ਹੈਰਾਨੀ ਪਰ ਇਹ ਭੇੜੀਏ
ਸ਼ਕਲਾਂ ਵੱਲੋਂ ਮੋਮਨ ਜਾਪਣ
ਜਾਪਣ ਜਿਉਂ ਮਾਸੂਮ ਜਿਹੇ ਲੇਲੇ
ਤਿੱਖੇ ਇਹਨਾਂ ਦੇ ਦੰਦ ਨਾ ਦਿਸਦੇ
ਮਿੱਠੀ ਜਿਹੀ ਮੁਸਕਾਨ ਇਨ੍ਹਾਂ ਦੀ
ਪਹਿਲੀ ਨਜ਼ਰੇ
ਭੋਲੇ ਮਨ ਨੂੰ ਮੋਹ ਲੈਂਦੀ ਹੈ
ਕਵਿਤਾ ਜਿਹੀਆਂ ਗੱਲਾਂ ਕਰਦੇ
ਬਿੰਬਾਂ ਤੇ ਪ੍ਰਤੀਕਾਂ ਦੇ ਵਿੱਚ
ਐਸਾ ਸ਼ਬਦ ਜਾਲ ਨੇ ਬੁਣਦੇ
ਐਸੇ ਫ਼ਿਕਰੇ ਇਹਨਾਂ ਨੂੰ ਫੁਰਦੇ
ਕਿ ਬੰਦਾ ਹੈ ਮੋਹਿਆ ਜਾਂਦਾ
ਪਰ ਮੌਕਾ ਪਾ ਕੇ
ਆਪਣੇ ਤਿਖ-ਨੁਕੀਲੇ ਦੰਦੇ
ਬੰਦੇ ਦੀ ਗਰਦਨ ਵਿੱਚ ਗੱਡਦੇ
ਤੇ ਫਿਰ
ਉਦੋਂ ਤੱਕ ਨਾ ਛੱਡਦੇ
ਜਦ ਤੀਕਰ ਸ਼ਿਕਾਰ ਉਹਨਾਂ ਦਾ
ਤੜਫ਼ ਤੜਫ਼ ਕੇ
ਆਖ਼ਿਰ ਠੰਡਾ ਹੋ ਨਹੀਂ ਜਾਂਦਾ
ਫਿਰ ਉਹੋ ਜਿਹੇ ਕਈ ਭੇੜੀਏ
ਸਾਂਝਾ ਜਿਹਾ ਸਮਾਗਮ ਕਰਦੇ
ਬਿੰਬਾਂ ਤੇ ਪ੍ਰਤੀਕਾਂ ਦੇ ਵਿੱਚ
ਗੱਲਾਂ ਕਰਦੇ
ਮਾਨਵਤਾ ਦਾ ਹਿਤ ਲੋਚਣ
ਤਕਰੀਰਾਂ ਕਰਦੇ
ਨਿਮਨ ਵਰਗ ਦੇ ਹੱਕ ਵਿੱਚ ਖੜ੍ਹਦੇ
ਸ਼ਾਮ ਢਲੀ ਤੋਂ ਜਸ਼ਨ ਮਨਾਉਂਦੇ
ਮਦਿਰਾ ਪੀਂਦੇ
ਮਾਰੇ ਹੋਏ ਸ਼ਿਕਾਰ ਦੀ
ਬੋਟੀ ਬੋਟੀ ਲਾਹੁੰਦੇ
ਖਚਰਾ ਜਿਹਾ ਹਾਸਾ ਹੱਸਦੇ
ਨਵਾਂ ਸ਼ਿਕਾਰ ਕੋਈ
ਲੱਭਣ ਦੇ ਲਈ
ਫਿਰ ਨੇ ਚੌਂਹੀਂ ਕੂੰਟੀਂ ਨੱਸਦੇ
ਬਚ ਕੇ ਰਹਿਣਾ
ਸੜਕਾਂ ਉੱਤੇ ਚਾਰੋ ਪਾਸੇ
ਤੁਰੇ ਫਿਰਦੇ ਖੂੰਖਾਰ ਭੇੜੀਏ।