ਬੱਚਿਆਂ ਲਈ ਵੱਸਦੇ ਘਰਾਂ

ਚਲੋ ਬੱਚਿਆਂ ਲਈ ਵੱਸਦੇ ਘਰਾਂ ਦੇ ਅੰਙਣੇ ਬਣੀਏ

ਕਿ ਜ਼ਖ਼ਮੀ ਪੰਛੀਆਂ ਦੀ ਠਹੁਰ ਖਾਤਰ ਆਲ੍ਹਣੇ ਬਣੀਏ

ਅਸੀਂ ਵਣ ਹੀ ਸਹੀ ਫੁੱਲਾਂ ਸਹਾਰੇ ਸਜ ਵੀ ਸਕਦੇ ਹਾਂ, 

ਜੇ ਫੁੱਲਾਂ ਵਾਲੀਆਂ ਵੇਲਾਂ ਲਈ ਸਾਵੇ ਤਣੇ ਬਣੀਏ

ਅਸੀਂ ਖ਼ੁਦ ਫੈਸਲਾ ਕਰਨਾ ਹੈ ਕਿ ਬਣਨਾ ਅਸਾਂ ਕੀ ਹੈ,

ਨਹੀਂ ਮਨਜ਼ੂਰ ਕਿ ਕਠਪੁਤਲੀਆਂ ਤੇ ਛਣਕਣੇ ਬਣੀਏ।

ਅਸੀਂ ਗ਼ੈਰਾਂ ਦੇ ਆਖੇ ਲੱਗ ਕੇ, ਗ਼ੈਰਾਂ ਦੇ ਹੋਏ ਸਾਂ, 

ਚਲੋ ਆਪਣੇ ਹੀ ਆਖੇ ਲੱਗ ਕੇ ਹੁਣ ਆਪਣੇ ਬਣੀਏ

ਰਤਾ ਸੁਣਿਓਂ ਕਿ ਮੇਰੀ ਅਕਲ ਅੱਜ ਦਿਲ ਨੂੰ ਪਈ ਆਖੇ, 

ਕਿ ਇੱਕ ਹੋਵੀਏ ਆਪਾਂ ਨਾ ਐਵੇਂ ਦੋ ਜਣੇ ਬਣੀਏ।

ਜੋ ਮਾੜਾ ਹੋ ਰਿਹੈ ਜੀਅ ਭਰਕੇ ਉਸ ਨੂੰ ਆਖੀਏ ਮਾੜਾ,

ਸਮੇਂ ਦੀ ਮੰਗ ਹੈ 'ਕੇਸ਼ੀ' ਨਾ ਏਨੇ ਮੀਸਣੇ ਬਣੀਏ

📝 ਸੋਧ ਲਈ ਭੇਜੋ