ਤੋੜ ਕੇ ਸੁੱਟ ਦੇਵਾਂ
ਜ਼ੰਜੀਰਾਂ
ਜੋ ਵਕਤ ਨੇ ਪਾਈਆਂ
ਮੇਰੇ ਪੈਰਾਂ 'ਚ
ਲਾਹ ਕੇ
ਵਗਾਹ ਮਾਰਾਂ
ਅੱਖਾਂ ਤੇ ਪਏ ਖੋਪੇ
ਜੋ ਚੌਗਿਰਦੇ ਤੋਂ ਲਏ
ਜ਼ਿਹਨ 'ਚ ਪਸਰੇ ਡਰ
ਜੋ ਕਿਣਕਾ ਕਿਣਕਾ
ਤੋੜਦੇ ਮੈਨੂੰ
ਮਿਟ ਜਾਵਣ
ਤਨ 'ਤੇ ਬੋਝ ਜੋ
ਜਿੰਮੇਵਾਰੀਆਂ ਦਾ
ਪਰਾਂ ਸੁੱਟਾਂ
ਸੁਰਖ਼ਰੂ ਹੋਵਾਂ
ਚੁਫ਼ੇਰੇ ਡੌਰੂ ਵੱਜਦਾ ਸੁਣੇ
ਵਜਦ ਵਿੱਚ ਆਵਾਂ
ਪੈਰਾਂ ਦੀ ਥਿਰਕਣ
ਤਾਂਡਵ ਵਿੱਚ ਬਦਲ ਜਾਵੇ
ਫ਼ਨਾਹ ਹੋ ਜਾਵੇ
ਆਲਾ ਦੁਆਲਾ
ਟੁੱਟ ਜਾਵਣ
ਹੱਦਾਂ ਸਰਹੱਦਾਂ
ਨਜ਼ਰ
ਦੂਰ ਦੁਮੇਲਾਂ
ਤੋਂ ਪਾਰ ਜਾਵੇ
ਸੱਚੀ ਬੜਾ ਜੀਅ ਕਰਦੇ
ਖ਼ੁਦ ਤੋਂ ਵੀ ਮੁਕਤ ਜਾਵਾਂ