ਬੱਦਲ ਲੰਘ ਗਏ

ਬੱਦਲ ਲੰਘ ਗਏ, ਸੂਰਜ ਚੜ੍ਹਿਆ ਚਮਕ ਪਿਆ ਜਗ ਸਾਰਾ।

ਅੱਖਾਂ ਦੇ ਵਿਚ ਖੁਭਦਾ ਜਾਵੇ, ਪਾਣੀ ਦਾ ਲਿਸ਼ਕਾਰਾ।

ਕੀ ਹੋਇਆ ਜੇ ਦਿਲ ਵਿਚ ਰਹਿ ਗਏ, ਯਾਦਾਂ ਦੇ ਚੰਗਿਆੜੇ,

ਫੁੱਲਾਂ ਨੂੰ ਕਰਨਾ ਪੈਂਦਾ ਏ, ਕੰਡਿਆਂ ਨਾਲ ਗੁਜ਼ਾਰਾ।

ਅਜੇ ਵੀ ਕੋਈ ਕੋਈ ਅੱਥਰੂ, ਪਲਕਾਂ ਉੱਤੇ ਚਮਕੇ,

ਰਾਤ ਹਨੇਰੀ ਅਸਮਾਨਾਂ 'ਤੇ ਟਾਵਾਂ ਟਾਵਾਂ ਤਾਰਾ।

ਚੱਲ ਦਿਲਾ ਹੁਣ ਹੋਰ ਕਿਤੇ ਜਾ ਅਪਣੀ ਝੁੱਗੀ ਪਾਈਏ,

ਕਿਸ ਕੰਮ ਦਾ ਇਹ ਖੂਹ, ਇਹ ਛੱਪੜ, ਜਿਸਦਾ ਪਾਣੀ ਖਾਰਾ।

ਅੱਧੀਂ ਰਾਤੀਂ ਕਿਸਨੂੰ ਲਭਦਾ ਕਿਸਦੀ ਖੋਜ ਲਗਾਉਂਦੇ,

ਸ਼ਹਿਰ ਦੀਆਂ ਸੁੰਝੀਆਂ ਗਲੀਆਂ ਵਿਚ ਫਿਰਦੈ ਇੱਕ ਵਿਚਾਰਾ।

ਉਹਦੇ ਨਾਲ ਦਾ ਜੇ ਕੋਈ ਹੋਵੇ, ਤਾਂ ਤੇ ਮੈਂ ਸਮਝਾਵਾਂ,

ਸਿਫ਼ਤ ਓਸਦੀ ਮੈਂ ਕੀ ਦੱਸਾਂ, ਜਿਸਦਾ ਰੰਗ ਨਿਆਰਾ।

ਚੜ੍ਹਿਆ ਸੂਰਜ ਕਿੰਨ੍ਹੇ ਤਕਿਐ, ਨੰਗੀਆਂ ਅੱਖਾਂ ਨਾਲ,

ਸਾਥੋਂ ਤਾਬ ਨਾ ਝੱਲੀ ਜਾਵੇ ਭਾਵੇਂ ਹੋਵੇ ਤਾਰਾ।

ਭਾਵੇਂ ਕੋਈ 'ਵਾਜ ਨਾ ਮਾਰੇ ਭਾਵੇਂ ਕੋਈ ਨਾ ਵੇਖੇ,

ਹੋਕਾ ਗਲੀ ਗਲੀ ਵਿਚ ਲਾਉਂਦਾ ਜਾਵੇਗਾ ਵਣਜਾਰਾ।

ਖ਼ੌਰੇ ਲੋਕ ਅਸਮਾਨਾਂ ਉੱਤੇ ਕਿਸਰਾਂ ਡੇਰੇ ਲਾਉਂਦੇ,

ਸਾਨੂੰ ਪੈਰ ਨਾ ਪੁੱਟਣ ਦੇਵੇ, ਇਹ ਮਿੱਟੀ ਇਹ ਗਾਰਾ।

📝 ਸੋਧ ਲਈ ਭੇਜੋ