ਮੀਂਹ ਨਾ' ਭਰਿਆ

ਕਰਿਸ਼ਨ ਘਨੱਈਆ ਵਰਗੇ ਰੰਗ ਦੇ 

ਬਦਲਾ ਸੌਣ ਦਿਆ

ਮੰਨ ਲੈ ਇਕ ਅਰਜ਼ੋਈ ਮੇਰੀ

ਐਤਵਾਰ ਦੀ ਛੁੱਟੀ ਕਰ ਲੈ

ਇਕ ਦਿਨ ਮੀਂਹ ਨਾ ਪਾ

ਨਿਤ ਸੁਣਦਾ ਏਂ 

ਕਰਮਾਂਹਾਰੀ

ਕਾਲੀ ਕੋਇਲ ਦੀਆਂ ਤੂੰ ਕੂਕਾਂ

ਕਾਲੀਦਾਸ ਦਾ ਦੂਤ ਰਿਹਾ ਏਂ

ਤੈਨੂੰ ਸਾਰ ਹੈ

ਕੀ ਹੁੰਦੀਆਂ ਨੇ

ਹਿਜਰਾਂ ਭੁੰਨੇ ਦਰਦਾਂ ਭਰੇ ਦਿਲਾਂ ਦੀਆਂ ਹੂਕਾਂ

ਮੇਰੀ ਇਸ ਨਿੱਕੀ ਜਹੀ ਮੰਗ ਨੂੰ ਦੇਵੀਂ ਨਾ ਠੁਕਰਾ

ਐਤਵਾਰ ਤਾਂ

ਰਚਣਹਾਰ ਦੇ ਵੀ ਆਰਾਮ ਕਰਨ ਦਾ ਦਿਨ ਹੈ

ਤੂੰ ਵੀ ਮੀਂਹ ਨਾ ਪਾ

ਮੋਤੀਆਂ ਵਰਗੀਆਂ ਤੇਰੀਆਂ ਬੂੰਦਾਂ

ਤੂੰ ਧਰਤੀ ਦੇ

ਤਪਦੇ ਪਿੰਡੇ ਠੰਢ ਵਰਤਾਵੇਂ

ਜਿਥੋਂ ਲੰਘੇਂ ਭਰ ਭਰ ਲੱਪਾਂ

ਹਰੀਆਂ ਖ਼ੁਸ਼ੀਆਂ ਵੰਡਦਾ ਜਾਵੇਂ

ਆਉਂਦੇ ਐਤਵਾਰ ਨੂੰ

ਸਾਨੂੰ ਇਕ ਮੇਲ ਦਾ ਮੌਕਾ ਦੇ ਦੇ

ਲਈਏ ਪਿਆਸ ਮਿਟਾ

ਇਕ ਦਿਨ ਮੀਂਹ ਨਾ ਪਾ

ਤੈਨੂੰ ਸੱਚੀ ਗੱਲ ਦੱਸਦਾ ਹਾਂ 

ਕੀਤਾ ਹੈ ਚੰਚਲ ਗੋਰੀ ਨੇ 

ਐਤਵਾਰ ਨੂੰ ਮਿਲਣ ਦਾ ਵਾਅਦਾ 

ਸ਼ਰਤ ਲਿਖੀ ਹੈ ਨਾਲੇ ਐਪਰ

ਮੈਂ ਨਹੀਂ ਆਉਣਾ ਬੱਦਲਾਂ ਜੇਕਰ 

ਕਿਣ ਮਿਣ ਦਿੱਤੀ ਲਾ

ਕਿਸੇ ਸਹੇਲੀ ਦਾ ਪੱਜ ਪਾ ਕੇ

ਉਸ ਨੇ ਰਿਕਸ਼ੇ ਵਿਚ ਆਉਣਾ ਹੈ 

ਉਹ ਨਹੀਂ ਸੋਹਣੀ

ਧੀ ਤੁੱਲੇ ਦੀ

ਡਿੱਗ ਡਿੱਗ ਪੈਂਦੇ ਅੰਬਰ ਵਿਚ ਵੀ

ਕੱਚੇ ਘੜੇ ਨੂੰ ਹਿੱਕੜੀ ਲਾ ਕੇ 

ਠਿਲ੍ਹ ਪਏ ਤਰਨ ਝਨਾਂ

ਭਿੱਜਉ ਸਿੱਜਉ ਕੰਬਲੀ ਕਹਿ ਕੇ

ਗਲੀਆਂ ਚਿੱਕੜ ਕੱਛਦੀ ਪਹੁੰਚੇ

ਨਾ ਮਨ ਇਤਨਾ ਚਾ

ਉਸਦਾ ਪਿਆਰ ਆਹਰ ਹੈ ਐਵੇਂ 

ਦਿਲ ਦਾ ਸ਼ੌਕ ਜਿਹਾ

ਤਾਹੀਉਂ ਤੈਨੂੰ ਅਰਜ਼ ਗੁਜ਼ਾਰਾਂ

ਕਰਿਸ਼ਨ ਘਨੱਈਆ ਵਰਗੇ ਰੰਗ ਦੇ

ਬੱਦਲਾ ਸੌਣ ਦਿਆ

ਅੱਗੋਂ ਪਿੱਛੋਂ ਛਹਿਬਰ ਲਾ ਲਈਂ

ਜਲ ਥਲ ਕਰ ਲਈਂ

ਇਕ ਦਿਨ ਦੀ ਕੀ ਏਡੀ ਗੱਲ ਹੈ

ਇਕ ਦਿਨ ਮੀਂਹ ਨਾ ਪਾ

ਬੱਦਲਾ ਸੌਣ ਦਿਆ।

📝 ਸੋਧ ਲਈ ਭੇਜੋ